
ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫ਼ਾਈ ਮੁਹਿੰਮ ਸ਼ੁਰੂ
ਮਾਨਸੂਨ ਤੋਂ ਪਹਿਲਾਂ 2200 ਕਿਲੋਮੀਟਰ ਸੀਵਰੇਜ ਲਾਈਨਾਂ ਅਤੇ 1400 ਹੌਟਸਪੌਟ ਕੀਤੇ ਜਾਣਗੇ ਸਾਫ਼: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 3 ਜੂਨ (ਵਿਨੋਦ ਸ਼ਰਮਾ): ਪੰਜਾਬ ਸਰਕਾਰ ਨੇ ਮਾਨਸੂਨ ਸੀਜ਼ਨ ਦੌਰਾਨ ਸੀਵਰੇਜ ਓਵਰਫਲੋਅ ਅਤੇ ਪਾਣੀ ਭਰਨ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਸੂਬੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੀਵਰੇਜ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮਾਨਸੂਨ ਤੋਂ ਪਹਿਲਾਂ ਸੂਬੇ ਭਰ ਵਿੱਚ 2200 ਕਿਲੋਮੀਟਰ ਸੀਵਰੇਜ ਲਾਈਨਾਂ ਅਤੇ 1400 ਹੌਟਸਪੌਟਾਂ ਦੀ ਸਫ਼ਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 800 ਕਿਲੋਮੀਟਰ ਮੁੱਖ ਟਰੰਕ ਲਾਈਨਾਂ ਅਤੇ 1400 ਕਿਲੋਮੀਟਰ ਬ੍ਰਾਂਚ ਲਾਈਨਾਂ ਨੂੰ ਕਵਰ ਕੀਤਾ ਜਾਵੇਗਾ। ਵਿਭਾਗ ਵੱਲੋਂ ਉਹਨਾਂ 1400 ਥਾਵਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਹਰ ਸਾਲ ਮਾਨਸੂਨ ਦੌਰਾਨ ਸੀਵਰੇਜ ਓਵਰਫਲੋਅ ਦੀ ਸਮੱਸਿਆ ਆਉਂਦੀ ਰਹੀ ਹੈ।
ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦਾ ਟੀਚਾ ਹੈ ਕਿ ਇਸ ਵਾਰ ਪੰਜਾਬ ਦੇ ਕਿਸੇ ਵੀ ਸ਼ਹਿਰ ਜਾਂ ਕਸਬੇ ਵਿੱਚ ਸੀਵਰੇਜ ਓਵਰਫਲੋਅ ਦੀ ਸਮੱਸਿਆ ਨਾ ਆਵੇ।
ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ 108 ਕਿਲੋਮੀਟਰ, ਪਟਿਆਲਾ ਵਿੱਚ 93 ਕਿਲੋਮੀਟਰ, ਲੁਧਿਆਣਾ ਵਿੱਚ 40 ਕਿਲੋਮੀਟਰ, ਬਠਿੰਡਾ ਵਿੱਚ 55 ਕਿਲੋਮੀਟਰ, ਮੋਹਾਲੀ ਵਿੱਚ 36 ਕਿਲੋਮੀਟਰ, ਜ਼ੀਰਕਪੁਰ ਵਿੱਚ 14 ਕਿਲੋਮੀਟਰ, ਖਰੜ ਵਿੱਚ 11 ਕਿਲੋਮੀਟਰ, ਧੂਰੀ ਵਿੱਚ 7 ਕਿਲੋਮੀਟਰ, ਕੋਟਕਪੂਰਾ ਵਿੱਚ 21 ਕਿਲੋਮੀਟਰ ਅਤੇ ਨੰਗਲ ਵਿੱਚ 7 ਕਿਲੋਮੀਟਰ ਸੀਵਰ ਲਾਈਨਾਂ ਦੀ ਸਫ਼ਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਈ ਹੌਟਸਪੌਟਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਕਵਰ ਕੀਤਾ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਅਤੇ ਸੀਵਰੇਜ ਬੋਰਡ ਦੇ ਜੇ.ਈਜ਼. ਅਤੇ ਹੋਰ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਇਸ ਮੁਹਿੰਮ ਲਈ ਸੁਪਰ-ਸਕਸ਼ਨ ਮਸ਼ੀਨਾਂ ਅਤੇ ਉੱਚ ਸਮਰੱਥਾ ਵਾਲੇ ਜੈਟਿੰਗ ਉਪਕਰਣ ਤਾਇਨਾਤ ਕੀਤੇ ਗਏ ਹਨ। ਰੋਜ਼ਾਨਾ ਪ੍ਰਗਤੀ ਦੀ ਨਿਗਰਾਨੀ ਲਈ ਡਿਜੀਟਲ ਡੈਸ਼ਬੋਰਡ ਅਤੇ ਕੰਟਰੋਲ ਰੂਮ ਵੀ ਸਥਾਪਤ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੇ.ਈ. ਤੋਂ ਲੈ ਕੇ ਐਸ.ਈ. ਪੱਧਰ ਤੱਕ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ ਅਤੇ ਇਹ ਮੁਹਿੰਮ ਮਿਸ਼ਨ ਮੋਡ ਵਿੱਚ ਪੂਰੀ ਕੀਤੀ ਜਾਵੇਗੀ।
ਸ. ਬੈਂਸ ਨੇ ਲੁਧਿਆਣਾ ਦੇ ਭੱਟੀਆਂ ਇਲਾਕੇ ਦੀ ਇੱਕ ਉਦਾਹਰਣ ਸਾਂਝੀ ਕਰਦਿਆਂ ਦੱਸਿਆ ਕਿ ਉੱਥੇ ਸਫ਼ਾਈ ਦੌਰਾਨ ਪਤਾ ਲੱਗਾ ਕਿ ਇੱਕ ਮਕਾਨ ਦੀ ਉਸਾਰੀ ਸਮੇਂ ਸੀਵਰ ਲਾਈਨ ਨੂੰ ਕੰਕਰੀਟ ਨਾਲ ਭਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਲਾਈਨ ਛੇ ਸਾਲਾਂ ਤੋਂ ਬੰਦ ਪਈ ਸੀ ਅਤੇ ਪੂਰੇ ਇਲਾਕੇ ਲਈ ਮੁਸ਼ਕਲਾਂ ਦਾ ਕਾਰਨ ਬਣੀ ਹੋਈ ਸੀ।
ਉਨ੍ਹਾਂ ਕਿਹਾ ਕਿ ਉਹ ਖੁਦ ਅਤੇ ਸਾਰੇ ਅਧਿਕਾਰੀ ਮੈਦਾਨੀ ਪੱਧਰ ’ਤੇ ਇਸ ਮੁਹਿੰਮ ਦੀ ਨਿਗਰਾਨੀ ਕਰਨਗੇ। ਨਾਲ ਹੀ ਵਿਧਾਇਕਾਂ ਅਤੇ ਮਿਉਂਸੀਪਲ ਕੌਂਸਲਰਾਂ ਨੂੰ ਵੀ ਇਸ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਮਾਨਸੂਨ ਦੌਰਾਨ ਪਾਣੀ ਭਰਨ, ਸੀਵਰੇਜ ਉਛਲਣ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਿਆ ਜਾ ਸਕੇ।




