ਟਾਂਡਾ ਨੌਜਵਾਨ ‘ਤੇ ਦਰਜ ਪਰਚੇ ਖਿਲਾਫ਼ ਕਾਂਗਰਸ ਦਾ ਰੋਸ ਪ੍ਰਦਰਸ਼ਨ, ਵਿਧਾਇਕ ਨਿਵਾਸ ਘੇਰਿਆ
ਅਸ਼ਵਨੀ ਸ਼ਰਮਾ ਦੀ ਅਗਵਾਈ 'ਚ 200 ਤੋਂ ਵੱਧ ਕਾਂਗਰਸੀ ਸ਼ਾਮਲ, ਪੁਲਿਸ ਨਾਲ ਹੋਈ ਨੋਕ-ਝੋਕ

ਟਾਂਡਾ ਨੌਜਵਾਨ ‘ਤੇ ਦਰਜ ਪਰਚੇ ਖਿਲਾਫ਼ ਕਾਂਗਰਸ ਦਾ ਰੋਸ ਪ੍ਰਦਰਸ਼ਨ, ਵਿਧਾਇਕ ਨਿਵਾਸ ਘੇਰਿਆ
ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ 200 ਤੋਂ ਵੱਧ ਕਾਂਗਰਸੀ ਸ਼ਾਮਲ, ਪੁਲਿਸ ਨਾਲ ਹੋਈ ਨੋਕ-ਝੋਕ

ਰੋਪੜ, 6 ਜੂਨ (ਵਿਨੋਦ ਸ਼ਰਮਾ) ਟਾਂਡਾ ਦੇ ਇੱਕ ਨੌਜਵਾਨ ‘ਤੇ ਦਰਜ ਕੀਤੇ ਪਰਚੇ ਦੇ ਵਿਰੋਧ ਵਿੱਚ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵੱਲੋਂ ਰੋਪੜ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਨਿਵਾਸ ਨੂੰ ਘੇਰ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਟਾਂਡਾ ਦੇ ਨੌਜਵਾਨ ‘ਤੇ ਦਰਜ ਪਰਚਾ ਰੱਦ ਕਰਨ ਦੀ ਮੰਗ ਕੀਤੀ ਅਤੇ ਵਿਧਾਇਕ ਨਿਵਾਸ ਦੇ ਸਾਹਮਣੇ ਝਾੜੂ ਖਿਲਾਰ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਬੇਅਦਬੀ ਧਾਰਮਿਕ ਗ੍ਰੰਥਾਂ ਦੀ ਹੁੰਦੀ ਹੈ, ਨਾ ਕਿ ਝਾੜੂ ਦੀ।ਰੋਸ ਪ੍ਰਦਰਸ਼ਨ ਵਿੱਚ 200 ਤੋਂ ਵੱਧ ਨੌਜਵਾਨਾਂ ਅਤੇ ਕਾਂਗਰਸ ਅਹੁਦੇਦਾਰਾਂ ਨੇ ਹਿੱਸਾ ਲਿਆ। ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਵਿਧਾਇਕ ਨਿਵਾਸ ਵੱਲ ਵਧਣ ਤੋਂ ਰੋਕਣ ਦੀ ਕੋਸ਼ਿਸ਼ ਦੌਰਾਨ ਪੁਲਿਸ ਅਤੇ ਕਾਂਗਰਸ ਵਰਕਰਾਂ ਵਿਚਾਲੇ ਹਲਕੀ ਨੋਕ-ਝੋਕ ਅਤੇ ਧੱਕਾ-ਮੁੱਕੀ ਵੀ ਹੋਈ।ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ ਅਸਮਰੱਥ ਰਹੀ ਹੈ, ਦੂਜੇ ਪਾਸੇ ਝਾੜੂ ਖਿਲਾਰਨ ਵਰਗੀ ਘਟਨਾ ‘ਤੇ ਨੌਜਵਾਨ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦੋਹਰਾ ਮਿਆਰ ਪੰਜਾਬ ਦੀ ਸੰਗਤ ਬਰਦਾਸ਼ਤ ਨਹੀਂ ਕਰੇਗੀ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ, ਪਰ ਲੋਕਾਂ ਲਈ ਮਾੜੀ ਸਾਬਤ ਹੋਈ ਹੈ। ਅਸ਼ਵਨੀ ਸ਼ਰਮਾ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਟਾਂਡਾ ਦੇ ਨੌਜਵਾਨ ‘ਤੇ ਦਰਜ ਪਰਚਾ ਰੱਦ ਨਹੀਂ ਹੁੰਦਾ, ਕਾਂਗਰਸ ਦਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਪ੍ਰਦਰਸ਼ਨ ਵਿੱਚ ਰਾਣਾ ਵਿਸ਼ਵਪਾਲ ਸਿੰਘ, ਸੁਖਵਿੰਦਰ ਸਿੰਘ ਵ੍ਹਿਸਕੀ, ਰਮੇਸ਼ ਗੋਇਲ, ਅਮਰਜੀਤ ਭੁੱਲਰ, ਰਾਜੇਸ਼ਵਰ ਲਾਲੀ, ਰਾਜੇਸ਼ ਕੁਮਾਰ, ਸੋਨੀਆ ਪੂਰੀ, ਫਰੀਦਾ ਬੇਗਮ, ਅਵਨੀਸ਼ ਮੋਦਗਿੱਲ, ਹਿਮਾਂਸ਼ੂ ਟੰਡਨ, ਰਾਣਾ ਰਵਨੀਤ ਕੰਗ, ਸ਼ਿੰਗਾਰਾ ਸਿੰਘ, ਹਰਪ੍ਰੀਤ ਸਿੰਘ, ਆਸਿਫ਼, ਮਿੰਟੂ ਸਰਾਫ, ਰਾਣਾ ਸੁਰਿੰਦਰ ਮਕਾਰੀ, ਰਹਿਸ ਸੰਦੀਪ ਨੰਬਰਦਾਰ, ਪਰਮਜੀਤ ਸਿੰਘ, ਕਾਲਾ ਪੁਰਖਾਲੀ, ਨਿਰਮਲ ਪੁਰਖਾਲੀ, ਗੁਰਜਿੰਦਰ ਨੰਬਰਦਾਰ, ਮਦਨ ਗੋਪਾਲ ਸੈਣੀ, ਮਨਪ੍ਰੀਤ ਰਸੂਲਪੁਰ ਅਤੇ ਭੁਪਿੰਦਰ ਸੈਣੀ ਸਮੇਤ ਕਈ ਆਗੂ ਹਾਜ਼ਰ ਸਨ।




