ਡੁੱਬਦੇ ਸਾਲੇ ਨੂੰ ਬਚਾਉਂਦੇ ਸਮੇਂ ਪਾਣੀ ਵਿੱਚ ਰੁੜੇ ਪੰਜਾਬ ਪੁਲਿਸ ਦੇ ਜਵਾਨ ਸਲਮਾਨ ਖਾਨ ਦੀ ਲਾਸ਼ ਬਰਾਮਦ
ਐਸਡੀਆਰਐਫ ਜਲੰਧਰ ਦੀ ਟੀਮ ਨੇ ਸਤਲੁਜ ਦਰਿਆ ਵਿੱਚੋਂ ਲਾਸ਼ ਕੀਤੀ ਬਰਾਮਦ

ਡੁੱਬਦੇ ਸਾਲੇ ਨੂੰ ਬਚਾਉਂਦੇ ਸਮੇਂ ਪਾਣੀ ਵਿੱਚ ਰੁੜੇ ਪੰਜਾਬ ਪੁਲਿਸ ਦੇ ਜਵਾਨ ਸਲਮਾਨ ਖਾਨ ਦੀ ਲਾਸ਼ ਬਰਾਮਦ

ਐਸਡੀਆਰਐਫ ਜਲੰਧਰ ਦੀ ਟੀਮ ਨੇ ਸਤਲੁਜ ਦਰਿਆ ਵਿੱਚੋਂ ਲਾਸ਼ ਕੀਤੀ ਬਰਾਮਦ

ਸ਼੍ਰੀ ਕੀਰਤਪੁਰ ਸਾਹਿਬ, 11 ਜੂਨ (ਅਸਲ ਪੰਜਾਬ ਦੀ ਆਵਾਜ਼) ਨਗਰ ਪੰਚਾਇਤ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਕਲਿਆਣਪੁਰ ਵਿੱਚੋਂ ਲੰਘਦੀ ਲੋਹੰਡ ਖੱਡ ਦੇ ਤੇਜ਼ ਪਾਣੀ ਵਿੱਚ ਬੀਤੇ ਦਿਨ ਆਪਣੇ ਡੁੱਬਦੇ ਸਾਲੇ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਤੇਜ਼ ਪਾਣੀ ਵਿੱਚ ਰੁੜੇ ਪੰਜਾਬ ਪੁਲਿਸ ਦੇ ਜਵਾਨ ਸਲਮਾਨ ਖਾਨ ਉਰਫ਼ ਲਾਡੀ ਦੀ ਲਾਸ਼ ਅੱਜ ਸਤਲੁਜ ਦਰਿਆ ਵਿੱਚੋਂ ਬਰਾਮਦ ਕਰ ਲਈ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸਲਮਾਨ ਖਾਨ, ਜੋ ਕਿ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਬਾਲੇਵਾਲ ਦਾ ਰਹਿਣ ਵਾਲਾ ਸੀ, ਪੰਜਾਬ ਪੁਲਿਸ ਵਿੱਚ ਲੁਧਿਆਣਾ ਦੇ ਡਿਵੀਜ਼ਨ ਨੰਬਰ-7 ਥਾਣੇ ਵਿੱਚ ਤਾਇਨਾਤ ਸੀ, ਬੀਤੇ ਦਿਨ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਾਤਾ ਨੈਣਾ ਦੇਵੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੇ ਘਰ ਨੂੰ ਜਾਂਦੇ ਹੋਏ ਰਸਤੇ ਵਿੱਚ ਕੀਰਤਪੁਰ ਸਾਹਿਬ ਦੀ ਲੋਹੰਡ ਖੱਡ ਵਿੱਚ ਨਹਾਉਣ ਲਈ ਰੁਕਿਆ ਸੀ । ਇਸ ਦੌਰਾਨ ਉਸ ਦਾ ਸਾਲਾ ਅਚਾਨਕ ਡੂੰਘੇ ਪਾਣੀ ਵਿੱਚ ਡੁੱਬਣ ਲੱਗ ਪਿਆ। ਸਲਮਾਨ ਖਾਨ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਿਨਾਂ ਉਸ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ, ਪਰ ਤੇਜ਼ ਵਹਾਅ ਕਾਰਨ ਉਹ ਖੁਦ ਵੀ ਪਾਣੀ ਵਿੱਚ ਰੁੜ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਐਸਐਚਓ ਰਾਹੁਲ ਸ਼ਰਮਾ ਵੱਲੋਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀ ਮੰਗ ‘ਤੇ ਐਸਡੀਆਰਐਫ ਦੀਆਂ ਟੀਮਾਂ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ। ਐਸਡੀਆਰਐਫ ਜਲੰਧਰ ਦੀ ਟੀਮ, ਜਿਸ ਦੀ ਅਗਵਾਈ ਸਬ ਇੰਸਪੈਕਟਰ ਦੀਪਕ ਕੁਮਾਰ ਕਰ ਰਹੇ ਸਨ, ਵੱਲੋਂ ਲਗਾਤਾਰ ਭਾਲ ਮੁਹਿੰਮ ਚਲਾਈ ਗਈ।
ਅੱਜ ਸਵੇਰੇ ਕਰੀਬ 7:30 ਵਜੇ ਮੁੜ ਸ਼ੁਰੂ ਕੀਤੀ ਗਈ ਸਰਚ ਅਭਿਆਨ ਦੌਰਾਨ ਟੀਮ ਨੇ ਕਰੀਬ 11 ਵਜੇ ਘਟਨਾ ਸਥਾਨ ਤੋਂ ਲਗਭਗ ਡੇਢ ਕਿਲੋਮੀਟਰ ਦੂਰ ਸਤਲੁਜ ਦਰਿਆ ਵਿੱਚੋਂ ਸਲਮਾਨ ਖਾਨ ਦੀ ਲਾਸ਼ ਬਰਾਮਦ ਕਰ ਲਈ।
ਲਾਸ਼ ਬਰਾਮਦ ਹੋਣ ਤੋਂ ਬਾਅਦ ਸ੍ਰੀ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਦੇਹ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ। ਸਲਮਾਨ ਖਾਨ ਦੀ ਮੌਤ ਨਾਲ ਪਰਿਵਾਰ ਅਤੇ ਪੁਲਿਸ ਮਹਿਕਮੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਕੈਪਸ਼ਨ- ਐਸਡੀਆਰਐਫ ਜਲੰਧਰ ਦੀ ਟੀਮ ਸਲਮਾਨ ਖਾਨ ਦੀ ਲਾਸ਼ ਲੱਭਣ ਲਈ ਸਤਲੁਜ ਦਰਿਆ ਨੂੰ ਜਾਂਦੀ ਹੋਈ
ਫੋਟੋ
ਕੈਪਸ਼ਨ- ਸਤਲੁਜ ਦਰਿਆ ਵਿੱਚੋਂ ਬਰਾਮਦ ਕੀਤੀ ਸਲਮਾਨ ਖਾਨ ਦੀ ਲਾਸ਼ ਨਾਲ ਐਸਡੀਆਰਐਫ ਜਲੰਧਰ ਦੀ ਟੀਮ ਅਤੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੇ ਐਸਐਚਓ ਰਾਹੁਲ ਸ਼ਰਮਾ




