Welcome to Asal Punjab Di Awaaz   Click to listen highlighted text! Welcome to Asal Punjab Di Awaaz
ਸਥਾਨਕ ਖਬਰ

ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਰਾਜ ਪੁਰਸਕਾਰ ਪ੍ਰਮਾਣ-ਪੱਤਰ

ਚਾਰ ਰੋਜ਼ਾ ਰਾਜ ਪੁਰਸਕਾਰ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ

ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਰਾਜ ਪੁਰਸਕਾਰ ਪ੍ਰਮਾਣ-ਪੱਤਰ

ਰੂਪਨਗਰ, 11 ਜੂਨ (ਅਸਲ ਪੰਜਾਬ ਦੀ ਆਵਾਜ਼) ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਰੂਪਨਗਰ ਦੇ ਵਿਦਿਆਰਥੀਆਂ ਨੇ ਭਾਰਤ ਸਕਾਊਟਸ ਐਂਡ ਗਾਈਡਸ ਪੰਜਾਬ ਵੱਲੋਂ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿਖੇ ਆਯੋਜਿਤ ਚਾਰ ਰੋਜ਼ਾ ਰਾਜ ਪੁਰਸਕਾਰ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਜ ਪੁਰਸਕਾਰ ਪ੍ਰਮਾਣ-ਪੱਤਰ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਇਹ ਕੈਂਪ ਭਾਰਤ ਸਕਾਊਟਸ ਐਂਡ ਗਾਈਡਸ ਪੰਜਾਬ ਦੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਓਂਕਾਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਕੈਂਪ ਲਈ ਡੀ.ਓ.ਸੀ. ਸਕਾਊਟ ਸੁਰਿੰਦਰ ਸਿੰਘ ਅਤੇ ਡੀ.ਓ.ਸੀ. ਗਾਈਡ ਪਰਮਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ।

ਸਕੂਲ ਦੀ ਗਾਈਡ ਇੰਚਾਰਜ ਸ਼੍ਰੀਮਤੀ ਮਨਰੀਤ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਭਜਨ ਕੌਰ, ਸੋਨਾਕਸ਼ੀ, ਅਨੂਪਜੋਤ ਕੌਰ, ਜਸ਼ਨਪ੍ਰੀਤ ਕੌਰ, ਪਲਕ ਵਰਮਾ ਅਤੇ ਤਰਨਪ੍ਰੀਤ ਕੌਰ ਨੇ ਕੈਂਪ ਵਿੱਚ ਉੱਤਮ ਪ੍ਰਦਰਸ਼ਨ ਕਰਦਿਆਂ ਰਾਜ ਪੁਰਸਕਾਰ ਪ੍ਰਮਾਣ-ਪੱਤਰ ਪ੍ਰਾਪਤ ਕੀਤੇ। ਇਸ ਦੌਰਾਨ ਸ਼੍ਰੀਮਤੀ ਵੰਦਨਾ ਨੇ ਵੀ ਵਿਸ਼ੇਸ਼ ਤੌਰ ’ਤੇ ਆਪਣੀਆਂ ਸੇਵਾਵਾਂ ਨਿਭਾਈਆਂ।

ਕੈਂਪ ਦੌਰਾਨ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸੇਵਾ ਭਾਵਨਾ, ਸਮਾਜਿਕ ਜ਼ਿੰਮੇਵਾਰੀ ਅਤੇ ਟੀਮ ਵਰਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਰੌਕ ਕਲਾਈਮਬਿੰਗ, ਰੈਪਲਿੰਗ, ਟ੍ਰੈਕਿੰਗ, ਗੰਢਾਂ ਬੰਨ੍ਹਣ ਦੀ ਕਲਾ ਅਤੇ ਫਸਟ ਏਡ ਸਬੰਧੀ ਵਿਸ਼ੇਸ਼ ਸਿਖਲਾਈ ਵੀ ਪ੍ਰਦਾਨ ਕੀਤੀ ਗਈ।

ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਪੰਜਾਬ ਦੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਓਂਕਾਰ ਸਿੰਘ, ਏ.ਐਸ.ਓ.ਸੀ. ਸ਼੍ਰੀਮਤੀ ਮਨਜੀਤ ਕੌਰ, ਡੀ.ਓ.ਸੀ. ਸ਼੍ਰੀਮਤੀ ਨਿਰਲੇਪ ਕੌਰ ਅਤੇ ਜਤਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਰਾਜ ਪੁਰਸਕਾਰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਸਕਾਊਟਿੰਗ ਅਤੇ ਗਾਈਡਿੰਗ ਗਤੀਵਿਧੀਆਂ ਵਿੱਚ ਸਰਗਰਮ ਭਾਗ ਲੈਣ ਅਤੇ ਆਪਣੇ ਵਿਅਕਤੀਤਵ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਆਰ. ਭੁਵਨਾ, ਮੈਨੇਜਿੰਗ ਡਾਇਰੈਕਟਰ ਸ੍ਰੀ ਸੂਬਾ ਭੁਪਿੰਦਰ ਸਿੰਘ, ਮੈਡਮ ਗੁਣਵੰਤ ਕੌਰ ਅਤੇ ਸਕੂਲ ਸਕਾਊਟਸ ਐਂਡ ਗਾਈਡਸ ਇੰਚਾਰਜ ਸ੍ਰੀ ਚਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਰਚਨਾਤਮਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!