ਰੋਟਰੀ ਕਲੱਬ ਵੱਲੋਂ ਮੁਫ਼ਤ ਕੰਪਿਊਟਰ ਟ੍ਰੇਨਿੰਗ ਅਤੇ ਕੌਂਸਲ ਦਫ਼ਤਰ ਲਈ ਫਰਿੱਜ ਭੇਟ ਕਰਨ ਦਾ ਐਲਾਨ

ਰੂਪਨਗਰ, 2 ਅਗਸਤ () ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਸੈਮੀਨਾਰ ਹਾਲ ਵਿੱਚ ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੋਈ।
ਸਮਾਗਮ ਵਿੱਚ ਰੋਟਰੀ ਕਲੱਬ ਰੂਪਨਗਰ ਦੀ ਪ੍ਰਧਾਨ ਰੋਟੇਰੀਅਨ ਸ੍ਰੀਮਤੀ ਗਗਨ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸਾਬਕਾ ਪ੍ਰਧਾਨ ਐਡਵੋਕੇਟ ਅਮਰ ਰਾਜ ਸੈਣੀ ਅਤੇ ਡਾ. ਜੇ. ਕੇ. ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਕੌਂਸਲ ਵੱਲੋਂ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਗਗਨ ਸੈਣੀ ਨੇ ਕੌਂਸਲ ਦੀਆਂ ਸਮਾਜ ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਰੋਟਰੀ ਕਲੱਬ ਵੱਲੋਂ ਜਲਦੀ ਹੀ ਗਾਂਧੀ ਸਕੂਲ ਰੂਪਨਗਰ ਵਿਖੇ ਵਿਦਿਆਰਥੀਆਂ ਅਤੇ ਸੀਨੀਅਰ ਸਿਟੀਜ਼ਨਾਂ ਲਈ ਮੁਫ਼ਤ ਬੇਸਿਕ ਕੰਪਿਊਟਰ ਟ੍ਰੇਨਿੰਗ ਕੋਰਸ ਸ਼ੁਰੂ ਕੀਤਾ ਜਾਵੇਗਾ।
ਡਾ. ਜੇ. ਕੇ. ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਰੋਟਰੀ ਟਰੱਸਟ ਵੱਲੋਂ ਰੋਟਰੀ ਭਵਨ ਵਿੱਚ ਅੱਠਵੀਂ ਪਾਸ ਅਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਲੜਕੀਆਂ ਲਈ ਨਾਮਾਤਰ ਫ਼ੀਸ ‘ਤੇ ਛੇ ਮਹੀਨੇ ਦਾ ਕਟਿੰਗ ਅਤੇ ਟੇਲਰਿੰਗ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਕੋਰਸ ਪੂਰਾ ਕਰਨ ਉਪਰੰਤ ਭਾਗੀਦਾਰਾਂ ਨੂੰ ਮੁਫ਼ਤ ਸਿਲਾਈ ਮਸ਼ੀਨ ਵੀ ਦਿੱਤੀ ਜਾਵੇਗੀ।
ਇਸ ਮੌਕੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਸਾਈਬਰ ਕਰਾਈਮ ਮਾਹਿਰ ਸ਼ਿਵ ਕੁਮਾਰ ਅਤੇ ਅਮਨਦੀਪ ਸਿੰਘ ਨੇ ਡਿਜੀਟਲ ਠੱਗੀਆਂ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੇਹਰ ਸਿੰਘ ਅਤੇ ਸ਼ਿਵ ਕੁਮਾਰ ਕੱਕੜ ਨੇ ਗੀਤ ਪੇਸ਼ ਕਰਕੇ ਸਮਾਗਮ ਨੂੰ ਰੌਣਕ ਬਖ਼ਸ਼ੀ, ਜਦਕਿ ਬੀ. ਐਸ. ਸੈਣੀ ਨੇ ਪੈਨਸ਼ਨਰਾਂ ਦੇ ਬਕਾਇਆ ਡੀ.ਏ. ਸਬੰਧੀ ਚੱਲ ਰਹੇ ਅਦਾਲਤੀ ਮਾਮਲੇ ਦੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ।
ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਦੱਸਿਆ ਕਿ ਕੌਂਸਲ ਦੇ ਸੰਵਿਧਾਨ ਵਿੱਚ ਸੋਧਾਂ ਲਈ ਸੁਝਾਅ ਭੇਜਣ ਦੀ ਅੰਤਿਮ ਮਿਤੀ 5 ਅਗਸਤ ਸਵੇਰੇ 11 ਵਜੇ ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਮੈਂਬਰਾਂ ਨੂੰ 2026-27 ਦੀ ਡਾਇਰੈਕਟਰੀ ਲਈ ਆਪਣੀਆਂ ਲੋੜੀਂਦੀਆਂ ਸੋਧਾਂ ਇੱਕ ਹਫ਼ਤੇ ਅੰਦਰ ਦਫ਼ਤਰ ਵਿੱਚ ਦਰਜ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਬਰਸਾਤ ਦੇ ਮੌਸਮ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਵੀ ਸੱਦਾ ਦਿੱਤਾ।
ਇਸ ਮੌਕੇ ਕੌਂਸਲ ਦੇ ਚੇਅਰਮੈਨ ਡਾ. ਆਰ. ਐਸ. ਪਰਮਾਰ ਅਤੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਮੁੱਖ ਮਹਿਮਾਨ ਨੂੰ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ। ਰੋਟਰੀ ਕਲੱਬ ਰੂਪਨਗਰ ਵੱਲੋਂ ਕੌਂਸਲ ਦਫ਼ਤਰ ਲਈ ਇੱਕ ਫਰਿੱਜ ਭੇਟ ਕਰਨ ਦਾ ਐਲਾਨ ਵੀ ਕੀਤਾ ਗਿਆ, ਜਿਸ ਦਾ ਹਾਜ਼ਰੀਨ ਨੇ ਤਾੜੀਆਂ ਨਾਲ ਸਵਾਗਤ ਕੀਤਾ। ਇਸ ਮੌਕੇ ਪ੍ਰਸਿੱਧ ਲੇਖਕ ਸੁੱਚਾ ਸਿੰਘ ਅੰਧੇੜਾ ਦੀਆਂ ਦੋ ਪੁਸਤਕਾਂ ਵੀ ਕੌਂਸਲ ਨੂੰ ਭੇਟ ਕੀਤੀਆਂ ਗਈਆਂ।
ਸਮਾਗਮ ਦੇ ਅੰਤ ਵਿੱਚ ਪ੍ਰਧਾਨ ਨੇ ਮੁੱਖ ਮਹਿਮਾਨਾਂ, ਮੈਂਬਰਾਂ ਅਤੇ ਕਾਰਜਕਾਰਣੀ ਟੀਮ ਦਾ ਧੰਨਵਾਦ ਕੀਤਾ। ਰਿਫਰੈਸ਼ਮੈਂਟ ਅਤੇ ਖੀਰ ਦੀ ਸੇਵਾ ਸੇਵਾਮੁਕਤ ਫਾਰੈਸਟ ਅਫ਼ਸਰ ਅਮਰਜੀਤ ਸਿੰਘ ਵੱਲੋਂ ਕੀਤੀ ਗਈ।
ਇਸ ਮੌਕੇ ਵਾਈਸ ਪ੍ਰਧਾਨ ਅਵਤਾਰ ਸਿੰਘ ਲੌਂਗੀਆ, ਗੁਰਨਾਮ ਸਿੰਘ ਧਾਮੀ, ਕੇਹਰ ਸਿੰਘ, ਗੁਰਬਚਨ ਸਿੰਘ ਬੇਲੀ, ਸਰਬਜੀਤ ਸਿੰਘ, ਹਰਬੰਸ ਸਿੰਘ, ਸਲਾਹਕਾਰ ਭਗਵੰਤ ਕੌਰ, ਹਜੂਰਾ ਸਿੰਘ, ਇੰਜ. ਕਰਨੈਲ ਸਿੰਘ (ਸੀਨੀਅਰ ਵਾਈਸ ਪ੍ਰਧਾਨ, ਫੈਡਰੇਸ਼ਨ ਪੰਜਾਬ) ਅਤੇ ਸੀਨੀਅਰ ਸਿਟੀਜ਼ਨਜ਼ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਮਰਜੀਤ ਸਿੰਘ ਕੰਗ ਸਮੇਤ ਹੋਰ ਮੈਂਬਰ ਹਾਜ਼ਰ ਸਨ। ਮੰਚ ਸੰਚਾਲਨ ਕੌਂਸਲ ਦੇ ਪੈਟਰਨ ਲੈਕਚਰਾਰ ਸੁਰਜਨ ਸਿੰਘ ਨੇ ਕੀਤਾ।