ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੇ ਕੀਤੇ ਪਾਵਨ ਦਰਸ਼ਨ, ਸਮਰਸਤਾ ਅਤੇ ਭਾਈਚਾਰੇ ਦਾ ਦਿੱਤਾ ਸੰਦੇਸ਼

ਰੂਪਨਗਰ, 2 ਅਗਸਤ: ਪਰਮ ਪੂਜਨੀਯ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ‘ਤੇ ਕਾਸ਼ੀ (ਵਾਰਾਣਸੀ) ਤੋਂ ਲਿਆਂਦੀ ਗਈ ਸ਼੍ਰੀ ਚਰਨ ਸਪਰਸ਼ ਪਾਵਨ ਮਿੱਟੀ ਦਾ ਅੱਜ ਆਰਿਆ ਸ਼੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ, ਮੁਹੱਲਾ ਚੰਦਰਗੜ੍ਹ, ਰੂਪਨਗਰ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਪਾਵਨ ਮਿੱਟੀ ਦੇ ਦਰਸ਼ਨ ਕਰਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਸਮਾਗਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਅਜੈਵੀਰ ਲਾਲਪੁਰਾ ਜੀ, ਮੰਡਲ ਪ੍ਰਧਾਨ ਸ੍ਰੀ ਜਗਦੀਸ਼ ਕਾਜਲਾ ਜੀ, ਜਥੇਦਾਰ ਭਗ ਸਿੰਘ ਜੀ, ਸਰਦਾਰ ਹਰਚਰਨ ਸਿੰਘ ਜੀ, ਸੀਨੀਅਰ ਭਾਜਪਾ ਆਗੂ ਸ੍ਰੀ ਪ੍ਰੇਮ ਦੱਤ ਸ਼ਰਮਾ, ਭਾਜਪਾ ਰੂਪਨਗਰ ਦੀ ਸਮੁੱਚੀ ਟੀਮ, ਸੰਤ ਸਮਾਜ, ਸਮਾਜ ਸੇਵੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।
ਬੁਲਾਰਿਆਂ ਨੇ ਕਿਹਾ ਕਿ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਨੇ ਸਮਰਸਤਾ, ਸਮਾਨਤਾ, ਸੇਵਾ ਅਤੇ ਮਨੁੱਖਤਾ ਦਾ ਸੰਦੇਸ਼ ਦੇ ਕੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦਾ ਉਪਦੇਸ਼ “ਮਨ ਚੰਗਾ ਤਾਂ ਕਠੌਤੀ ਵਿੱਚ ਗੰਗਾ” ਅੱਜ ਵੀ ਮਨੁੱਖ ਨੂੰ ਭੇਦਭਾਵ ਤੋਂ ਉੱਪਰ ਉੱਠ ਕੇ ਪ੍ਰੇਮ, ਸਦਭਾਵ ਅਤੇ ਸੇਵਾ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ।
ਇਸ ਮੌਕੇ ਸ੍ਰੀ ਪ੍ਰੇਮ ਦੱਤ ਸ਼ਰਮਾ ਨੇ ਕਿਹਾ ਕਿ ਕਾਸ਼ੀ ਤੋਂ ਲਿਆਂਦੀ ਗਈ ਇਹ ਪਾਵਨ ਚਰਨ ਸਪਰਸ਼ ਮਿੱਟੀ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਧਾਰਮਿਕ ਅਸਥਾਨਾਂ ਤੱਕ ਪਹੁੰਚੇਗੀ। ਸੰਤ ਸਮਾਜ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਇਹ ਅਭਿਆਨ ਸਮਾਜ ਵਿੱਚ ਸਮਰਸਤਾ, ਸਮਾਜਿਕ ਸਦਭਾਵ, ਭਾਈਚਾਰੇ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਦੇ ਮਹਾਨ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਏਗਾ।
ਸਮਾਗਮ ਦੇ ਅੰਤ ਵਿੱਚ ਸਰਬੱਤ ਦੇ ਭਲੇ ਅਤੇ ਦੇਸ਼ ਦੀ ਤਰੱਕੀ ਲਈ ਅਰਦਾਸ ਕੀਤੀ ਗਈ।