ਸ੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਮੌਕੇ ਰੂਪਨਗਰ ਵਿੱਚ ਪਾਵਨ ਕਲਸ਼ਾਂ ਦਾ ਸ਼ਾਨਦਾਰ ਸਵਾਗਤ
ਸੀਰ ਗੋਵਰਧਨਪੁਰ ਦੀ ਪਵਿੱਤਰ ਮਿੱਟੀ ਲੈ ਕੇ ਪਹੁੰਚੇ ਕਲਸ਼ਾਂ ਦੀ ਸ਼ੋਭਾ ਯਾਤਰਾ ‘ਤੇ ਹੋਈ ਫੁੱਲਾਂ ਦੀ ਵਰਖਾ
ਗੁਰੂ ਸਾਹਿਬ ਦੇ ਸਮਾਨਤਾ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਲਿਆ ਸੰਕਲਪ

ਰੂਪਨਗਰ, 2 ਅਗਸਤ ()
ਸ੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿੱਚ ਚਲਾਏ ਜਾ ਰਹੇ ‘ਸਮਰਸਤਾ ਸੰਕਲਪ ਅਭਿਆਨ’ ਤਹਿਤ ਰੂਪਨਗਰ ਦੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਵਾਰਾਣਸੀ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਦੀ ਪਵਿੱਤਰ ਮਿੱਟੀ ਲੈ ਕੇ ਪਹੁੰਚੇ ਪਾਵਨ ਕਲਸ਼ਾਂ ਦਾ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿੱਚ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅਤੇ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਭਾਜਪਾ ਅਹੁਦੇਦਾਰਾਂ, ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਪਾਵਨ ਕਲਸ਼ਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਧਰਮਸ਼ਾਲਾ ਦਾ ਮਾਹੌਲ ਗੁਰੂ ਮਹਿਮਾ, ਭਗਤੀ ਭਾਵਨਾ ਅਤੇ ਧਾਰਮਿਕ ਜੈਕਾਰਿਆਂ ਨਾਲ ਗੂੰਜ ਉੱਠਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸ੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਨੂੰ ਸਿਰਫ਼ ਧਾਰਮਿਕ ਸਮਾਗਮ ਵਜੋਂ ਨਹੀਂ, ਸਗੋਂ ਸਮਾਜ ਵਿੱਚ ਸਮਰਸਤਾ, ਸਮਾਨਤਾ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਫੈਲਾਉਣ ਲਈ ਇੱਕ ਵਿਸ਼ਾਲ ਜਨ ਅਭਿਆਨ ਵਜੋਂ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ, ਬਰਾਬਰੀ, ਜਾਤ-ਪਾਤ ਤੋਂ ਰਹਿਤ ਸਮਾਜ ਅਤੇ ਸੱਚ ਦੇ ਮਾਰਗ ‘ਤੇ ਚੱਲਣ ਦਾ ਉਪਦੇਸ਼ ਦਿੱਤਾ। ਅੱਜ ਲੋੜ ਹੈ ਕਿ ਉਨ੍ਹਾਂ ਦੇ ਇਨ੍ਹਾਂ ਮਹਾਨ ਵਿਚਾਰਾਂ ਨੂੰ ਨਵੀਂ ਪੀੜ੍ਹੀ ਅਤੇ ਸਮਾਜ ਦੇ ਹਰ ਵਰਗ ਤੱਕ ਪਹੁੰਚਾਇਆ ਜਾਵੇ।
ਉਨ੍ਹਾਂ ਕਿਹਾ ਕਿ ਇਹ ਪਾਵਨ ਕਲਸ਼ ਉਸ ਪਵਿੱਤਰ ਧਰਤੀ ਦੀ ਮਿੱਟੀ ਲੈ ਕੇ ਆਏ ਹਨ, ਜਿੱਥੇ ਸ੍ਰੀ ਗੁਰੂ ਰਵਿਦਾਸ ਜੀ ਨੇ ਅਵਤਾਰ ਧਾਰਿਆ ਸੀ, ਜੋ ਹਰ ਸ਼ਰਧਾਲੂ ਲਈ ਆਸਥਾ ਅਤੇ ਪ੍ਰੇਰਣਾ ਦਾ ਪ੍ਰਤੀਕ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਾਜਪਾ ਗੁਰੂ ਸਾਹਿਬ ਦੇ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਰਹੇਗੀ।
ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਕਿਹਾ ਕਿ ਸਮਰਸਤਾ ਸੰਕਲਪ ਅਭਿਆਨ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਦਰਸ਼ਨ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਇਤਿਹਾਸਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਪਿਆਰ, ਸੇਵਾ, ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਅੱਜ ਵੀ ਸਮਾਜ ਲਈ ਬਹੁਤ ਪ੍ਰਸੰਗਿਕ ਹੈ।
ਇਸ ਉਪਰੰਤ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਤੋਂ ਗੁਰਦੁਆਰਾ ਚੰਦਰਗੜ੍ਹ ਮੁਹੱਲਾ ਤੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸੰਗਤਾਂ ਅਤੇ ਭਾਜਪਾ ਵਰਕਰਾਂ ਨੇ ਸਿਰਾਂ ‘ਤੇ ਪਾਵਨ ਕਲਸ਼ ਸਜਾ ਕੇ ਗੁਰੂ ਮਹਿਮਾ ਦਾ ਜਾਪ ਕਰਦਿਆਂ ਯਾਤਰਾ ਵਿੱਚ ਭਾਗ ਲਿਆ। ਰਸਤੇ ਵਿੱਚ ਵੱਖ-ਵੱਖ ਥਾਵਾਂ ‘ਤੇ ਸਥਾਨਕ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ, ਜਿਸ ਨਾਲ ਸਮੁੱਚਾ ਮਾਹੌਲ ਭਗਤੀਮਈ ਬਣ ਗਿਆ।
ਸ਼ੋਭਾ ਯਾਤਰਾ ਗੁਰਦੁਆਰਾ ਚੰਦਰਗੜ੍ਹ ਮੁਹੱਲਾ ਵਿਖੇ ਸੰਪੰਨ ਹੋਈ, ਜਿੱਥੇ ਪਾਵਨ ਕਲਸ਼ਾਂ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਗਿਆ। ਸੰਗਤਾਂ ਨੇ ਨਤਮਸਤਕ ਹੋ ਕੇ ਪਵਿੱਤਰ ਮਿੱਟੀ ਦੇ ਦਰਸ਼ਨ ਕੀਤੇ ਅਤੇ ਸਮਾਜ ਵਿੱਚ ਸ਼ਾਂਤੀ, ਭਾਈਚਾਰੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਭਾਜਪਾ ਆਗੂਆਂ ਅਤੇ ਪ੍ਰਬੰਧਕਾਂ ਨੇ ਜਥੇਦਾਰ ਭਾਗ ਸਿੰਘ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਸਮਾਗਮ ਵਿੱਚ ਜ਼ਿਲ੍ਹਾ ਐਸਸੀ ਮੋਰਚਾ ਇੰਚਾਰਜ ਮੇਜਰ ਅੰਜੂ ਬਾਲਾ ਸਿੰਘ, ਬਾਬਾ ਪਰਮਜੀਤ ਸਿੰਘ ਰੌਲੂਮਾਜਰਾ, ਰਜਿੰਦਰ ਕੱਕੜ, ਨਵੀਨ ਕੱਕੜ, ਦੀਪਕ ਕੁਮਾਰ, ਰਾਜ ਕੁਮਾਰ ਰਾਜੂ, ਤਿਲਕ ਰਾਜ, ਪ੍ਰਸਿੱਧ ਗਾਇਕ ਮਦਨ ਸ਼ੌਂਕੀ, ਭਗਤ ਸਿੰਘ, ਕੌਂਸਲਰ ਕਰਮਜੀਤ ਕੌਰ, ਚੇਤਨਾ ਵਰਮਾ, ਮੋਨੂੰ ਵਰਮਾ, ਐਡਵੋਕੇਟ ਅਮਨ ਕਾਬੜਵਾਲ, ਹਿੰਮਤ ਸਿੰਘ ਗਿਰਨ, ਡਾ. ਅਭਿਸ਼ੇਕ, ਮਨਦੀਪ ਸਿੰਘ, ਜਤਿੰਦਰ ਸਿੰਘ, ਧਰਮਿੰਦਰ ਸਿੰਘ, ਅਭਿਸ਼ੇਕ ਭੱਟੀ, ਹਰਚਰਨ ਸਿੰਘ, ਟੋਨੀ ਵਰਮਾ, ਗਗਨ ਗੁਪਤਾ, ਜੋਤੀ ਨਾਗੀ, ਕੇਹਰ ਸਿੰਘ, ਅਭਿਸ਼ੇਕ ਅਗਨੀਹੋਤਰੀ, ਸੁਰਜੀਤ ਰਾਮ, ਓਂਕਾਰ ਸਿੰਘ ਅਬਿਆਣਾ, ਅਰਸ਼ ਬਾਠ, ਅਰਸ਼ ਸਿੰਘ ਥਾਰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਅਹੁਦੇਦਾਰ, ਵਰਕਰ, ਸ਼ਹਿਰ ਵਾਸੀ ਅਤੇ ਸੰਗਤਾਂ ਹਾਜ਼ਰ ਸਨ।