Welcome to Asal Punjab Di Awaaz   Click to listen highlighted text! Welcome to Asal Punjab Di Awaaz
ਸਥਾਨਕ ਖਬਰ

ਵਿਚਾਰ ਚਰਚਾ : ਰੁੱਖਾਂ ਦੀ ਅੰਨ੍ਹੇਵਾਹ ਕਟਾਈ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਹੋਣਗੇ ਬਹੁਤ ਗੰਭੀਰ

ਪੰਜਾਬ ਦੇ ਜੰਗਲਾਂ ਅਤੇ ਸੜਕਾਂ ਕਿਨਾਰੇ ਰੁੱਖਾਂ ਦੀ ਲਗਾਤਾਰ ਕਟਾਈ ਚਿੰਤਾ ਦਾ ਵਿਸ਼ਾ

ਵਿਚਾਰ ਚਰਚਾ : ਰੁੱਖਾਂ ਦੀ ਅੰਨ੍ਹੇਵਾਹ ਕਟਾਈ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਹੋਣਗੇ ਬਹੁਤ ਗੰਭੀਰ

ਪੰਜਾਬ ਦੇ ਜੰਗਲਾਂ ਅਤੇ ਸੜਕਾਂ ਕਿਨਾਰੇ ਰੁੱਖਾਂ ਦੀ ਲਗਾਤਾਰ ਕਟਾਈ ਚਿੰਤਾ ਦਾ ਵਿਸ਼ਾ

ਨੂਰਪੁਰ ਬੇਦੀ, 11  ਜੂਨ (ਪਵਨ ਕੁਮਾਰ) ਵਧ ਰਹੀ ਗਰਮੀ, ਬਦਲਦਾ ਮੌਸਮੀ ਚੱਕਰ ਅਤੇ ਗਲੋਬਲ ਵਾਰਮਿੰਗ ਅੱਜ ਸਮੁੱਚੇ ਵਿਸ਼ਵ ਲਈ ਵੱਡੀ ਚੁਣੌਤੀ ਬਣ ਚੁੱਕੇ ਹਨ। ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਪ੍ਰਦੂਸ਼ਣ ਵਿੱਚ ਹੋ ਰਿਹਾ ਵਾਧਾ ਇਸ ਦੇ ਮੁੱਖ ਕਾਰਨਾਂ ਵਿੱਚੋਂ ਹਨ। ਇਸ ਗੰਭੀਰ ਮਸਲੇ ਸਬੰਧੀ ਸਪੋਕਸਮੈਨ ਦੇ ਪੱਤਰਕਾਰ ਪਵਨ ਕੁਮਾਰ ਨੇ ਵੱਖ-ਵੱਖ ਬੁੱਧੀਜੀਵੀਆਂ ਅਤੇ ਸਮਾਜਿਕ ਆਗੂਆਂ ਨਾਲ ਗੱਲਬਾਤ ਕੀਤੀ।

ਜੀਵਨ ਪੱਧਰ ਉੱਚਾ ਹੋਣ ਨਾਲ ਜੰਗਲਾਂ ’ਤੇ ਵਧਿਆ ਦਬਾਅ : ਸੋਹਣ ਲਾਲ

ਨੈਸ਼ਨਲ ਅਵਾਰਡੀ ਅਤੇ ਸਰਕਾਰੀ ਹਾਈ ਸਕੂਲ ਥਾਣਾ ਦੇ ਅਧਿਆਪਕ ਸੋਹਣ ਲਾਲ ਨੇ ਕਿਹਾ ਕਿ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਦੇ ਨਾਲ-ਨਾਲ ਲੱਕੜ ਦੀ ਮੰਗ ਵੀ ਲਗਾਤਾਰ ਵਧੀ ਹੈ। ਫਰਨੀਚਰ, ਕਾਗਜ਼, ਬਾਲਣ ਅਤੇ ਹੋਰ ਲੋੜਾਂ ਦੀ ਪੂਰਤੀ ਲਈ ਜੰਗਲਾਂ ਦੀ ਬੇਹਿਸਾਬ ਕਟਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਲਾਲਚ ਕਾਰਨ ਕੁਦਰਤੀ ਸੰਸਾਧਨਾਂ ਦਾ ਤੇਜ਼ੀ ਨਾਲ ਨੁਕਸਾਨ ਹੋ ਰਿਹਾ ਹੈ, ਜਿਸ ਦੇ ਨਤੀਜੇ ਭਵਿੱਖ ਵਿੱਚ ਹੋਰ ਵੀ ਗੰਭੀਰ ਹੋ ਸਕਦੇ ਹਨ।

ਪ੍ਰਦੂਸ਼ਣ ਗਲੋਬਲ ਵਾਰਮਿੰਗ ਦਾ ਮੁੱਖ ਕਾਰਨ : ਨਰਿੰਦਰ ਕੁਮਾਰ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਦੇ ਅਧਿਆਪਕ ਨਰਿੰਦਰ ਕੁਮਾਰ ਨੇ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਵਾਯੂ ਪਰਿਵਰਤਨ ਮੌਸਮ ਅਤੇ ਤਾਪਮਾਨ ਦੇ ਲੰਬੇ ਸਮੇਂ ਦੇ ਬਦਲਾਅ ਨੂੰ ਦਰਸਾਉਂਦਾ ਹੈ। ਉਦਯੋਗਿਕ ਕ੍ਰਾਂਤੀ ਤੋਂ ਬਾਅਦ ਮਨੁੱਖੀ ਗਤੀਵਿਧੀਆਂ ਅਤੇ ਜੈਵਿਕ ਈਧਨਾਂ ਦੀ ਵਧਦੀ ਵਰਤੋਂ ਨੇ ਵਾਤਾਵਰਨ ਵਿੱਚ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਉਦਯੋਗੀਕਰਨ ਨਾਲ ਵਾਤਾਵਰਨ ਨੂੰ ਹੋ ਰਿਹਾ ਨੁਕਸਾਨ : ਜੀਵਨ ਕੁਮਾਰ ਸੰਜੂ

ਉੱਘੇ ਸਮਾਜ ਸੇਵੀ ਜੀਵਨ ਕੁਮਾਰ ਸੰਜੂ ਨੇ ਕਿਹਾ ਕਿ ਉਦਯੋਗੀਕਰਨ ਅਤੇ ਵਿਕਾਸ ਦੇ ਨਾਂ ’ਤੇ ਜੰਗਲਾਂ ਦੀ ਵੱਡੇ ਪੱਧਰ ’ਤੇ ਕਟਾਈ ਕੀਤੀ ਜਾ ਰਹੀ ਹੈ। ਇਸ ਕਾਰਨ ਸਰਦੀਆਂ ਦਾ ਮੌਸਮ ਛੋਟਾ ਅਤੇ ਗਰਮੀਆਂ ਦਾ ਮੌਸਮ ਲੰਮਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਵਾਤਾਵਰਨ ਦੀ ਸੁਰੱਖਿਆ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲਾ ਸਮਾਂ ਮਨੁੱਖਤਾ ਲਈ ਬਹੁਤ ਮੁਸ਼ਕਲਾਂ ਭਰਿਆ ਹੋਵੇਗਾ।

ਅਸਲ ਲੋੜ ਆਕਸੀਜਨ ਹੈ, ਇਸ ਲਈ ਰੁੱਖ ਬਚਾਉਣੇ ਜ਼ਰੂਰੀ : ਸ਼ਿੰਗਾਰਾ ਸਿੰਘ

ਪਿੰਡ ਲਸਾੜੀ ਦੇ ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਮਨੁੱਖ ਆਪਣੀਆਂ ਸੁਵਿਧਾਵਾਂ ਲਈ ਲਗਾਤਾਰ ਦਰੱਖਤ ਕੱਟ ਰਿਹਾ ਹੈ, ਪਰ ਇੱਕ ਦਿਨ ਉਸ ਨੂੰ ਇਹ ਅਹਿਸਾਸ ਹੋਵੇਗਾ ਕਿ ਜੀਵਨ ਲਈ ਸਭ ਤੋਂ ਵੱਡੀ ਲੋੜ ਆਕਸੀਜਨ ਹੈ, ਜੋ ਕੇਵਲ ਰੁੱਖਾਂ ਤੋਂ ਹੀ ਮਿਲਦੀ ਹੈ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ

ਵਿਕਾਸ ਪ੍ਰੋਜੈਕਟ ਵੀ ਰੁੱਖਾਂ ਦੀ ਕਟਾਈ ਦਾ ਵੱਡਾ ਕਾਰਨ : ਸੁਖਵਿੰਦਰ ਸਿੰਘ ਸ਼ੰਮੀ

ਅਕਾਲੀ ਆਗੂ ਸੁਖਵਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਸਰਕਾਰਾਂ ਵਿਕਾਸ ਦੇ ਨਾਂ ’ਤੇ ਸੜਕਾਂ, ਹਾਈਵੇਅ, ਉਦਯੋਗਿਕ ਪ੍ਰੋਜੈਕਟਾਂ ਅਤੇ ਡੈਮਾਂ ਦੇ ਨਿਰਮਾਣ ਲਈ ਵੱਡੀ ਗਿਣਤੀ ਵਿੱਚ ਰੁੱਖ ਕੱਟਦੀਆਂ ਹਨ। ਉਨ੍ਹਾਂ ਕਿਹਾ ਕਿ ਵਿਕਾਸ ਜ਼ਰੂਰੀ ਹੈ, ਪਰ ਇਸ ਦੇ ਨਾਲ-ਨਾਲ ਵਾਤਾਵਰਨ ਦੀ ਸੁਰੱਖਿਆ ਵੀ ਬਰਾਬਰ ਮਹੱਤਵ ਰੱਖਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਿੱਥੇ ਰੁੱਖਾਂ ਦੀ ਕਟਾਈ ਲਾਜ਼ਮੀ ਹੋਵੇ, ਉੱਥੇ ਪਹਿਲਾਂ ਨਵੇਂ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ਾਂ ਦੀ ਤਰ੍ਹਾਂ ਰੁੱਖ ਕੱਟਣ ਲਈ ਸਰਕਾਰੀ ਮਨਜ਼ੂਰੀ ਲੈਣ ਦੀ ਪ੍ਰਣਾਲੀ ਹੋਰ ਸਖ਼ਤੀ ਨਾਲ ਲਾਗੂ ਕੀਤੀ ਜਾਣੀ ਚਾਹੀਦੀ ਹੈ।

ਵਾਤਾਵਰਨ ਮਾਹਿਰਾਂ ਅਤੇ ਸਮਾਜਿਕ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਪ੍ਰਦੂਸ਼ਣ ’ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਭੀਰ ਵਾਤਾਵਰਨੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਏ ਅਤੇ ਕੁਦਰਤ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਵੇ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!