ਰੋਟਰੀ ਕਲੱਬ ਰੋਪੜ ਸੈਂਟਰਲ ਦੀ ਨਵੀਂ ਟੀਮ ਨੇ ਸੰਭਾਲਿਆ ਕਾਰਜਭਾਰ, ਡਾ. ਸ਼ੈਲੇਸ਼ ਸ਼ਰਮਾ ਬਣੇ ਪ੍ਰਧਾਨ
ਰੂਪਨਗਰ, 29 ਜੁਲਾਈ:
ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਬੇਲਾ ਕਾਲਜ ਵਿਖੇ ਰੋਟਰੀ ਸਾਲ 2026–27 ਦਾ ਸਥਾਪਨਾ ਸਮਾਰੋਹ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਰੋਟੇਰੀਅਨ ਡਾ. ਸ਼ੈਲੇਸ਼ ਸ਼ਰਮਾ ਨੇ ਕਲੱਬ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ, ਜਦਕਿ ਨਿਵਰਤਮਾਨ ਪ੍ਰਧਾਨ ਰੋਟੇਰੀਅਨ ਰੁਮਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਸੇਵਾ ਕਾਰਜਾਂ ਅਤੇ ਪ੍ਰਾਪਤੀਆਂ ਦੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ।

ਸਮਾਰੋਹ ਦੇ ਮੁੱਖ ਮਹਿਮਾਨ ਡਿਸਟ੍ਰਿਕਟ ਗਵਰਨਰ (2027–28) ਐਮ.ਪੀ. ਗੁਪਤਾ ਸਨ, ਜਦਕਿ ਪੀ.ਡੀ.ਜੀ. ਡਾ. ਆਰ.ਐੱਸ. ਪਰਮਾਰ ਅਤੇ ਅਸਿਸਟੈਂਟ ਗਵਰਨਰ ਡਾ. ਨਮ੍ਰਿਤਾ ਪਰਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਪੀ.ਡੀ.ਜੀ. ਚੇਤਨ ਅਗਰਵਾਲ, ਪੀ.ਡੀ.ਜੀ. ਮਨਮੋਹਨ ਸਿੰਘ ਅਤੇ ਕਲੱਬ ਕੌਂਸਲਰ ਹਰਸਿਮਰ ਸਿੰਘ ਸਿੱਟਾ ਸਮੇਤ ਕਈ ਸੀਨੀਅਰ ਰੋਟੇਰੀਅਨ ਵੀ ਮੌਜੂਦ ਰਹੇ।
ਬੇਲਾ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸੰਗਤ ਸਿੰਘ ਲੌਂਗੀਆ, ਸਕੱਤਰ ਸਰਦਾਰ ਜਗਵਿੰਦਰ ਸਿੰਘ, ਮੈਨੇਜਰ ਸਰਦਾਰ ਸੁਖਵਿੰਦਰ ਸਿੰਘ ‘ਵਿਸਕੀ’, ਸਰਦਾਰ ਗਿਆਨ ਸਿੰਘ, ਸਰਦਾਰ ਗੁਰਮੇਲ ਸਿੰਘ, ਡਾ. ਸਤਵੰਤ ਕੌਰ ਸ਼ਾਹੀ, ਨੀਤੂ ਸ਼ਰਮਾ ਅਤੇ ਸਰਦਾਰ ਮੇਹਰ ਸਿੰਘ ਸਮੇਤ ਵੱਖ-ਵੱਖ ਸਮਾਜਿਕ, ਸਿੱਖਿਆਕ ਅਤੇ ਸੇਵਾ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।
ਪ੍ਰਧਾਨੀ ਕਾਲਰ ਦੀ ਰਸਮੀ ਅਦਲਾ-ਬਦਲੀ ਉਪਰੰਤ ਡਾ. ਸ਼ੈਲੇਸ਼ ਸ਼ਰਮਾ ਨੇ ਆਪਣੀ ਨਵੀਂ ਕਾਰਜਕਾਰਨੀ ਨਾਲ ਜਾਣ-ਪਛਾਣ ਕਰਵਾਉਂਦਿਆਂ ਸਾਲ 2026–27 ਲਈ ਕਲੱਬ ਦਾ ਵਿਜ਼ਨ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਸੇਵਾ, ਸਿਹਤ, ਸਿੱਖਿਆ, ਵਾਤਾਵਰਣ ਸੰਭਾਲ, ਨੌਜਵਾਨਾਂ ਦਾ ਸਸ਼ਕਤੀਕਰਨ, ਖੂਨਦਾਨ, ਮਹਿਲਾ ਅਤੇ ਬਾਲ ਭਲਾਈ ਅਤੇ ਮੈਂਬਰਸ਼ਿਪ ਵਿੱਚ ਵਾਧਾ ਕਲੱਬ ਦੀਆਂ ਮੁੱਖ ਤਰਜੀਹਾਂ ਹੋਣਗੀਆਂ।
ਸਮਾਗਮ ਦੌਰਾਨ ਵਿਦਿਆਰਥੀਆਂ ਲਈ ਕੈਰੀਅਰ ਮਾਰਗਦਰਸ਼ਨ ਪੁਸਤਿਕਾਵਾਂ ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨਾਂ ਅਤੇ ਹੋਰ ਪਤਵੰਤਿਆਂ ਨੂੰ ਰੋਟਰੀ ਦੇ ਆਦਰਸ਼ਾਂ ਅਤੇ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਮਾਰੋਹ ਦੇ ਅੰਤ ਵਿੱਚ ਕਲੱਬ ਦੇ ਸਕੱਤਰ ਰੋਟੇਰੀਅਨ ਕਪਿਲ ਵੋਹਰਾ ਨੇ ਧੰਨਵਾਦ ਮਤਾ ਪੇਸ਼ ਕੀਤਾ। ਵੰਦੇ ਮਾਤਰਮ ਅਤੇ ਫੈਲੋਸ਼ਿਪ ਡਿਨਰ ਨਾਲ ਸਮਾਗਮ ਦਾ ਸਮਾਪਨ ਹੋਇਆ। ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਨੇ ਆਪਣੇ ਮੂਲ ਮੰਤਰ “ਸੇਵਾ ਸਭ ਤੋਂ ਉੱਪਰ (Service Above Self)” ਨੂੰ ਦੁਹਰਾਉਂਦਿਆਂ ਸਮਾਜ ਦੀ ਨਿਸ਼ਕਾਮ ਸੇਵਾ ਲਈ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।