ਖਾਲਸਾ ਕਾਲਜ ਵਿੱਚ ਸਟਾਰਟਅੱਪ ਅਤੇ ਬੌਧਿਕ ਸੰਪਦਾ ਅਧਿਕਾਰਾਂ ‘ਤੇ ਵਿਸ਼ੇਸ਼ ਲੈਕਚਰ, ਮਾਹਿਰਾਂ ਨੇ ਵਿਦਿਆਰਥੀਆਂ ਨੂੰ ਦਿੱਤਾ ਉਦਮਸ਼ੀਲਤਾ ਦਾ ਮੰਤਰ
ਸਟਾਰਟਅੱਪ ਵਿਕਾਸ, ਇਨੋਵੇਸ਼ਨ ਅਤੇ ਆਈ.ਪੀ.ਆਰ. ਸੁਰੱਖਿਆ ਸਬੰਧੀ ਵਿਦਿਆਰਥੀਆਂ ਨੂੰ ਦਿੱਤੀ ਵਿਸਥਾਰਪੂਰਵਕ ਜਾਣਕਾਰੀ

ਸ੍ਰੀ ਅਨੰਦਪੁਰ ਸਾਹਿਬ, 28 ਜੁਲਾਈ (ਅਸਲ ਪੰਜਾਬ ਦੀ ਆਵਾਜ਼ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ (ਆਈ.ਆਈ.ਸੀ.) ਅਤੇ ਸਟਾਰਟਅੱਪ ਸੈੱਲ ਵੱਲੋਂ ਵਿਦਿਆਰਥੀਆਂ ਲਈ ਸਟਾਰਟਅੱਪ ਵਿਕਾਸ ਅਤੇ ਬੌਧਿਕ ਸੰਪਦਾ ਅਧਿਕਾਰਾਂ (ਆਈ.ਪੀ.ਆਰ.) ਸਬੰਧੀ ਇੱਕ ਰੋਜ਼ਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਉਦਮਸ਼ੀਲਤਾ, ਨਵੀਨਤਾ ਅਤੇ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਮੌਕੇ ਸਟੇਟ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ, ਪੰਜਾਬ ਦੇ ਸਟੇਟ ਪ੍ਰੋਗਰਾਮ ਮੈਨੇਜਰ ਡਾ. ਜਗਦੀਪ ਕੇ. ਸ਼ਰਮਾ ਅਤੇ ਇੰਟੀਗਰਮ ਆਈ.ਪੀ., ਮੋਹਾਲੀ ਦੀ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸ਼ਵੇਤਾ ਸੇਨ ਥਲਵਾਲ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।
ਡਾ. ਜਗਦੀਪ ਕੇ. ਸ਼ਰਮਾ ਨੇ ਕਿਹਾ ਕਿ ਕਿਸੇ ਵੀ ਸਟਾਰਟਅੱਪ ਦੀ ਸਫ਼ਲਤਾ ਲਈ ਕੇਵਲ ਇੱਕ ਵਧੀਆ ਵਿਚਾਰ ਹੀ ਨਹੀਂ, ਸਗੋਂ ਸਹੀ ਮਾਰਗਦਰਸ਼ਨ, ਵਿੱਤੀ ਸਹਾਇਤਾ ਅਤੇ ਤਕਨੀਕੀ ਸਲਾਹ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਅਤੇ ਸਟਾਰਟਅੱਪ ਸੈੱਲ ਨੌਜਵਾਨਾਂ ਦੇ ਨਵੀਨਤਮ ਵਿਚਾਰਾਂ ਨੂੰ ਸਫ਼ਲ ਕਾਰੋਬਾਰ ਵਿੱਚ ਬਦਲਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਨੌਕਰੀਆਂ ਲੱਭਣ ਦੀ ਬਜਾਏ ਨੌਕਰੀਆਂ ਪੈਦਾ ਕਰਨ ਦੀ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ. ਸ਼ਵੇਤਾ ਸੇਨ ਥਲਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਿਆਨ-ਆਧਾਰਿਤ ਯੁੱਗ ਵਿੱਚ ਨਵੇਂ ਵਿਚਾਰ ਹੀ ਅਸਲ ਸੰਪਤੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਖੋਜ ਕਾਰਜਾਂ ਅਤੇ ਨਵੀਨਤਮ ਵਿਚਾਰਾਂ ਦੀ ਕਾਨੂੰਨੀ ਸੁਰੱਖਿਆ ਲਈ ਬੌਧਿਕ ਸੰਪਦਾ ਅਧਿਕਾਰਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਦਿਆਰਥੀਆਂ ਵਿੱਚ ਉਦਮਸ਼ੀਲਤਾ, ਨਵੀਨਤਾ ਅਤੇ ਖੋਜ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਅਜਿਹੇ ਅਕਾਦਮਿਕ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੈਕਚਰਾਂ ਰਾਹੀਂ ਵਿਦਿਆਰਥੀਆਂ ਨੂੰ ਆਤਮਨਿਰਭਰ ਬਣਨ ਅਤੇ ਰੋਜ਼ਗਾਰ ਸਿਰਜਣ ਵੱਲ ਪ੍ਰੇਰਣਾ ਮਿਲਦੀ ਹੈ।
ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੀ ਕੋਆਰਡੀਨੇਟਰ ਡਾ. ਗੁਰਪ੍ਰੀਤ ਕੌਰ ਨੇ ਮੁੱਖ ਬੁਲਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਦਾ ਉਦੇਸ਼ ਵਿਦਿਆਰਥੀਆਂ ਦੇ ਨਵੀਨਤਮ ਵਿਚਾਰਾਂ ਨੂੰ ਹਕੀਕਤ ਦਾ ਰੂਪ ਦੇਣ ਲਈ ਉਨ੍ਹਾਂ ਨੂੰ ਸਹੀ ਮੰਚ ਅਤੇ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਭਵਿੱਖ ਵਿੱਚ ਸਫ਼ਲ ਉਦਮੀ ਬਣ ਸਕਣ।
ਇਸ ਮੌਕੇ ਪ੍ਰੋ. ਭਾਵਨਾ ਠਾਕੁਰ, ਪ੍ਰੋ. ਅਮਨ ਸਰੋਆ, ਪ੍ਰੋ. ਪਾਇਲ ਚੰਦੇਲ, ਪ੍ਰੋ. ਸ਼ੈਲੀ, ਪ੍ਰੋ. ਗੁਰਮੀਤ ਕੌਰ ਸਮੇਤ ਕਾਲਜ ਦੇ ਹੋਰ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।