ਵਾਤਾਵਰਨ ਸੰਭਾਲ ਅਤੇ ਹਰਿਆਲੀ ਵਧਾਉਣ ਲਈ ਕਲੱਬ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਜਾਰੀ

ਸ੍ਰੀ ਅਨੰਦਪੁਰ ਸਾਹਿਬ, 28 ਜੁਲਾਈ (ਅਸਲ ਪੰਜਾਬ ਦੀ ਆਵਾਜ਼ ਬਿਊਰੋ) ਸਮਾਜ ਸੇਵਾ ਲਈ ਪ੍ਰਸਿੱਧ ਲਾਇਨਜ਼ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਗੁਰੂ ਨਗਰੀ ਵਿੱਚ ਵਾਤਾਵਰਨ ਸੰਭਾਲ ਅਤੇ ਹਰਿਆਲੀ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਸ਼ਮਸ਼ਾਨ ਘਾਟ ਰੋਡ ‘ਤੇ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਲੋਕ ਸੰਪਰਕ ਅਧਿਕਾਰੀ (ਪੀ.ਆਰ.ਓ.) ਦਵਿੰਦਰ ਕੌਸ਼ਲ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਲਾਇਨ ਭੁਪਿੰਦਰ ਪਾਲ ਸਿੰਘ ਤਲਵਾੜ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ ਵਿੱਚ ਵਾਤਾਵਰਨ ਸੰਭਾਲ ਲਈ ਰੁੱਖ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸੇ ਫ਼ੈਸਲੇ ਨੂੰ ਅਮਲ ਵਿੱਚ ਲਿਆਉਂਦਿਆਂ ਸ਼ਮਸ਼ਾਨ ਘਾਟ ਰੋਡ ‘ਤੇ ਲਗੇ ਟ੍ਰੀ ਗਾਰਡਾਂ ਵਿੱਚ ਪਿੱਪਲ, ਬੋਹੜ ਸਮੇਤ ਹੋਰ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ।
ਇਸ ਮੌਕੇ ਕਲੱਬ ਦੇ ਸਕੱਤਰ ਲਾਇਨ ਇੰਦਰਜੀਤ ਸਿੰਘ ਅਰੋੜਾ ਅਤੇ ਕੈਸ਼ੀਅਰ ਲਾਇਨ ਕੁਲਦੀਪ ਸਿੰਘ ਭੱਠੇਵਾਲੇ ਨੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਲਾਇਨਜ਼ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਭਵਿੱਖ ਵਿੱਚ ਵੀ ਸਮਾਜ ਸੇਵਾ ਅਤੇ ਵਾਤਾਵਰਨ ਸੁਰੱਖਿਆ ਨਾਲ ਸਬੰਧਤ ਅਜਿਹੇ ਲੋਕ ਭਲਾਈ ਦੇ ਕਾਰਜ ਲਗਾਤਾਰ ਕਰਦਾ ਰਹੇਗਾ।
ਇਸ ਮੌਕੇ ਲਾਇਨ ਸੁਖਵਿੰਦਰ ਸਿੰਘ ਬਿੱਟੂ, ਲਾਇਨ ਕਮਲਜੀਤ ਵਰਮਾ, ਲਾਇਨ ਤੇਜਿੰਦਰ ਸਿੰਘ ਚੰਨ, ਲਾਇਨ ਰਾਜਵਿੰਦਰ ਸਿੰਘ ਸੋਢੀ, ਲਾਇਨ ਜਗਤਾਰ ਸਿੰਘ ਸੰਘਾ, ਲਾਇਨ ਹਰਸਿਮਰਨ ਸਿੰਘ ਕਥੂਰੀਆ, ਲਾਇਨ ਮਹੇਸ਼ ਕੁਮਾਰ, ਲਾਇਨ ਅਮਰਿੰਦਰ ਸਿੰਘ ਚੀਮਾ, ਤੇਜਪਾਲ ਸਿੰਘ, ਹਰਜੀਤ ਸਿੰਘ ਸੋਢੀ ਸਮੇਤ ਵੱਡੀ ਗਿਣਤੀ ਵਿੱਚ ਲਾਇਨਜ਼ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।