ਰੂਪਨਗਰ ਦੀ ਡ੍ਰੇਨੇਜ ਅਤੇ ਸੀਵਰੇਜ ਸਮੱਸਿਆ ਦੇ ਹੱਲ ਲਈ ਵਿਧਾਇਕ ਦਿਨੇਸ਼ ਚੱਢਾ ਵੱਲੋਂ ਵਿਸ਼ੇਸ਼ ਮੀਟਿੰਗ
ਸ਼ਹਿਰ ਦੀਆਂ 50 ਅਹਿਮ ਥਾਵਾਂ 'ਤੇ ਡ੍ਰੇਨੇਜ ਪ੍ਰਣਾਲੀ ਦੀ ਸਮਰੱਥਾ ਵਧਾਉਣ ਦੇ ਦਿੱਤੇ ਨਿਰਦੇਸ਼

ਰੂਪਨਗਰ ਦੀ ਡ੍ਰੇਨੇਜ ਅਤੇ ਸੀਵਰੇਜ ਸਮੱਸਿਆ ਦੇ ਹੱਲ ਲਈ ਵਿਧਾਇਕ ਦਿਨੇਸ਼ ਚੱਢਾ ਵੱਲੋਂ ਵਿਸ਼ੇਸ਼ ਮੀਟਿੰਗ
ਸ਼ਹਿਰ ਦੀਆਂ 50 ਅਹਿਮ ਥਾਵਾਂ ‘ਤੇ ਡ੍ਰੇਨੇਜ ਪ੍ਰਣਾਲੀ ਦੀ ਸਮਰੱਥਾ ਵਧਾਉਣ ਦੇ ਦਿੱਤੇ ਨਿਰਦੇਸ਼

ਰੂਪਨਗਰ, 11 ਜੂਨ (ਅਸਲ ਪੰਜਾਬ ਦੀ ਆਵਾਜ਼) : ਰੂਪਨਗਰ ਸ਼ਹਿਰ ਵਿੱਚ ਗੰਦੇ ਪਾਣੀ ਦੀ ਨਿਕਾਸੀ, ਸੀਵਰੇਜ ਓਵਰਫਲੋ ਅਤੇ ਬਰਸਾਤੀ ਮੌਸਮ ਦੌਰਾਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਵਿਖੇ ਨਗਰ ਕੌਂਸਲ ਦੇ ਨਵੇਂ ਚੁਣੇ ਕੌਂਸਲਰਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਪਾਣੀ ਦੀ ਨਿਕਾਸੀ, ਡ੍ਰੇਨੇਜ ਨੈੱਟਵਰਕ ਦੀ ਮੌਜੂਦਾ ਸਥਿਤੀ ਅਤੇ ਸੀਵਰੇਜ ਪ੍ਰਬੰਧਨ ਨਾਲ ਸਬੰਧਤ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਵਿਧਾਇਕ ਦਿਨੇਸ਼ ਚੱਢਾ ਨੇ ਸਮੂਹ ਕੌਂਸਲਰਾਂ ਤੋਂ ਉਨ੍ਹਾਂ ਦੇ ਵਾਰਡਾਂ ਵਿੱਚ ਦਰਪੇਸ਼ ਮੁੱਖ ਮੁੱਦਿਆਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਡ੍ਰੇਨੇਜ ਅਤੇ ਸੀਵਰੇਜ ਪ੍ਰਣਾਲੀ ਦਾ ਤਕਨੀਕੀ ਮੁਲਾਂਕਣ ਕਰਕੇ ਕਮਜ਼ੋਰ ਬਿੰਦੂਆਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ।
ਵਿਧਾਇਕ ਚੱਢਾ ਨੇ ਖ਼ਾਸ ਤੌਰ ‘ਤੇ ਅਧਿਕਾਰੀਆਂ ਨੂੰ ਸ਼ਹਿਰ ਦੀਆਂ 50 ਅਜਿਹੀਆਂ ਥਾਵਾਂ ਦੀ ਸੂਚੀ ਤਿਆਰ ਕਰਕੇ ਤੁਰੰਤ ਕਾਰਵਾਈ ਕਰਨ ਲਈ ਕਿਹਾ, ਜਿੱਥੇ ਹਰ ਸਾਲ ਬਰਸਾਤ ਦੌਰਾਨ ਪਾਣੀ ਖੜ੍ਹਨ ਜਾਂ ਨਿਕਾਸੀ ਪ੍ਰਭਾਵਿਤ ਹੋਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ‘ਤੇ ਡ੍ਰੇਨਾਂ ਦੀ ਚੌੜਾਈ ਅਤੇ ਗਹਿਰਾਈ ਦਾ ਮੁੜ ਮੁਲਾਂਕਣ, ਸਿਲਟ ਦੀ ਸਫ਼ਾਈ, ਚੋਕ ਪੁਆਇੰਟਾਂ ਦੀ ਪਛਾਣ ਅਤੇ ਲੋੜ ਅਨੁਸਾਰ ਨਵੀਆਂ ਨਿਕਾਸੀ ਲਾਈਨਾਂ ਵਿਛਾਉਣ ਸਬੰਧੀ ਯੋਜਨਾਬੱਧ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ ਅਤੇ ਕਿਸੇ ਵੀ ਨਾਗਰਿਕ ਨੂੰ ਬਰਸਾਤੀ ਮੌਸਮ ਦੌਰਾਨ ਪਾਣੀ ਭਰਨ ਕਾਰਨ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਪੂਰੇ ਸ਼ਹਿਰ ਦਾ ਸਰਵੇਖਣ ਕਰਕੇ ਵਿਸਥਾਰਤ ਤਕਨੀਕੀ ਰਿਪੋਰਟ ਤਿਆਰ ਕਰਨ ਅਤੇ ਜਲਦ ਪੇਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ, ਤਾਂ ਜੋ ਵਿਕਾਸ ਕਾਰਜਾਂ ਨੂੰ ਤਰਜੀਹੀ ਆਧਾਰ ‘ਤੇ ਲਾਗੂ ਕੀਤਾ ਜਾ ਸਕੇ।
ਮੀਟਿੰਗ ਵਿੱਚ ਨਗਰ ਕੌਂਸਲ ਦੇ ਅਧਿਕਾਰੀ, ਪ੍ਰਸ਼ਾਸਨਿਕ ਅਧਿਕਾਰੀ, ਸਮੂਹ ਕੌਂਸਲਰ ਅਤੇ ਪਾਰਟੀ ਆਗੂ ਹਾਜ਼ਰ ਸਨ। ਇਸ ਦੌਰਾਨ ਸ਼ਹਿਰ ਦੀਆਂ ਨਾਗਰਿਕ ਸਮੱਸਿਆਵਾਂ ਦੇ ਜਲਦੀ ਹੱਲ ਲਈ ਆਪਸੀ ਤਾਲਮੇਲ ਅਤੇ ਸਾਂਝੇ ਯਤਨਾਂ ‘ਤੇ ਵੀ ਜ਼ੋਰ ਦਿੱਤਾ ਗਿਆ।
ਫੋਟੋ ਕੈਪਸ਼ਨ: ਰੂਪਨਗਰ ਸ਼ਹਿਰ ਦੀ ਡ੍ਰੇਨੇਜ ਅਤੇ ਸੀਵਰੇਜ ਸਮੱਸਿਆ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕੌਂਸਲਰਾਂ ਨਾਲ ਮੀਟਿੰਗ ਕਰਦੇ ਹੋਏ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ।




