
ਸਿੱਖ ਸ਼ਹੀਦਾਂ ਦੀ ਯਾਦ ‘ਚ 6 ਜੂਨ ਨੂੰ ਰੋਪੜ ਬੇਲਾ ਚੌਂਕ ‘ਚ ਛਬੀਲ ਤੇ ਛੋਲਿਆਂ ਦਾ ਲੰਗਰ ਲਗੇਗਾ
ਪੁਆਧ ਸਟੂਡੈਂਟ ਆਰਗਨਾਈਜੇਸ਼ਨ ਅਤੇ SKF ਵੱਲੋਂ ਸਾਂਝਾ ਪ੍ਰੋਗਰਾਮ, ਸੰਗਤਾਂ ਨੂੰ ਸ਼ਮੂਲੀਅਤ ਦੀ ਅਪੀਲ

ਰੂਪਨਗਰ, 2 ਜੂਨ (ਅਸਲ ਪੰਜਾਬ ਦੀ ਆਵਾਜ਼ ਬਿਊਰੋ) ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਪੁਆਧ ਸਟੂਡੈਂਟ ਆਰਗਨਾਈਜੇਸ਼ਨ ਵੱਲੋਂ 6 ਜੂਨ ਨੂੰ ਰੋਪੜ ਦੇ ਬੇਲਾ ਚੌਂਕ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਪੁਆਧ ਸਟੂਡੈਂਟ ਆਰਗਨਾਈਜੇਸ਼ਨ ਦੇ ਆਗੂਆਂ ਦੀ ਮੀਟਿੰਗ ਰੋਪੜ ਵਿਖੇ ਹੋਈ। ਮੀਟਿੰਗ ਵਿੱਚ ਸਰਕਾਰ-ਏ-ਖਾਲਸਾ ਫੈਡਰੇਸ਼ਨ ਦੇ ਆਗੂ ਕੁਲਵੰਤ ਸਿੰਘ ਸੈਣੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਮੀਟਿੰਗ ਉਪਰੰਤ ਆਗੂ ਸਰਦਾਰ ਮਨਜੋਤ ਸਿੰਘ ਲਾਡਲ ਅਤੇ ਜਗਮਨਦੀਪ ਸਿੰਘ ਪੜ੍ਹੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੇ ਸਮੇਂ ‘ਚ ਦੇਸ਼ ਦੇ ਲੋਕ ਅਤੇ ਸਿੱਖ ਕੌਮ ਆਪਣੇ ਅਸਲੀ ਯੋਧਿਆਂ ਅਤੇ ਸ਼ਹੀਦਾਂ ਨੂੰ ਭੁੱਲਦੀ ਜਾ ਰਹੀ ਹੈ। ਇਸੇ ਗੱਲ ਨੂੰ ਧਿਆਨ ‘ਚ ਰੱਖਦਿਆਂ 6 ਜੂਨ ਨੂੰ ਬੇਲਾ ਚੌਂਕ ਰੋਪੜ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ‘ਚ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਲਈ ਸਰਕਾਰ-ਏ-ਖਾਲਸਾ ਫੈਡਰੇਸ਼ਨ (SKF) ਅਤੇ ਸੰਤ ਬਾਬਾ ਸ਼ਾਦੀ ਸਿੰਘ ਜੀ ਗੱਤਕਾ ਅਖਾੜਾ ਗੁਰਦੁਆਰਾ ਟਿੱਬੀ ਸਾਹਿਬ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।SKF ਦੇ ਆਗੂ ਕੁਲਵੰਤ ਸਿੰਘ ਨੇ ਕਿਹਾ ਕਿ 1984 ਵਿੱਚ 1 ਜੂਨ ਤੋਂ 6 ਜੂਨ ਤੱਕ ਇੰਦਰਾ ਗਾਂਧੀ ਦੀ ਅਗਵਾਈ ਹੇਠ ਭਾਰਤੀ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ ਸੀ। ਇਸ ਹਮਲੇ ਦੌਰਾਨ ਅਨੇਕਾਂ ਬੇਦੋਸ਼ੇ ਸਿੱਖ ਸ਼ਹੀਦ ਹੋਏ ਸਨ ਅਤੇ ਸਿੱਖਾਂ ਦੇ ਪਵਿੱਤਰ ਅਕਾਲ ਤਖਤ ਸਾਹਿਬ ਨੂੰ ਢਾਹ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ ਲਈ ਅੱਜ ਤੱਕ ਭਾਰਤੀ ਹਾਕਮਾਂ ਨੇ ਮਾਫੀ ਨਹੀਂ ਮੰਗੀ ਅਤੇ ਸ਼ਹੀਦ ਹੋਏ ਸਿੰਘਾਂ ਨੂੰ ਸ਼ਹੀਦੀ ਦਾ ਦਰਜਾ ਵੀ ਨਹੀਂ ਦਿੱਤਾ ਗਿਆ।ਆਗੂਆਂ ਨੇ ਰੋਪੜ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਸ਼ਹਿਰ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ‘ਚ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ।ਇਸ ਮੌਕੇ ਅਮਰਜੀਤ ਸਿੰਘ ਹਵੇਲੀ, ਗੱਜਣ ਸਿੰਘ, ਗੁਰਨਾਮ ਸਿੰਘ ਲਾਡਲ, ਜਰਨੈਲ ਸਿੰਘ ਮਗਰੋੜ, ਰਾਣਾ ਪ੍ਰਤਾਪ ਰੰਗੀਲਪੁਰ, ਸ਼ਿਵ ਲਖਮੀਪੁਰ, ਦੀਪੂ ਪੁਰਖਾਲੀ ਸਮੇਤ ਹੋਰ ਆਗੂ ਹਾਜ਼ਰ ਸਨ।




