
ਵਿਦਿਆਰਥੀਆਂ ਦੇ ਸੁਪਨਿਆਂ ਦਾ ਕਤਲ ਬਰਦਾਸ਼ਤ ਨਹੀਂ
ਰੋਪੜ ‘ਚ ਕਾਂਗਰਸ ਦਾ ਜ਼ੋਰਦਾਰ ਰੋਸ, ਮੰਤਰੀ ਤੋਂ ਅਸਤੀਫਾ ਮੰਗਿਆ

ਰੋਪੜ, 2 ਜੂਨ (ਅਸਲ ਪੰਜਾਬ ਦੀ ਆਵਾਜ਼ ਬਿਊਰੋ) ਨੀਟ ਯੂਜੀ ਪੇਪਰ ਲੀਕ ਮਾਫੀਆ ਦੇ ਖਿਲਾਫ ਅੱਜ ਰੋਪੜ ਸ਼ਹਿਰ ਗੂੰਜ ਉੱਠਿਆ। ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਸੈਂਕੜੇ ਕਾਂਗਰਸ ਵਰਕਰਾਂ ਨੇ ਭਖਦੇ ਸੂਰਜ ਹੇਠ ਮਾਰਚ ਕਰਕੇ ਕੇਂਦਰ ਸਰਕਾਰ ਨੂੰ ਘੇਰਿਆ। ਕਾਂਗਰਸ ਭਵਨ ਤੋਂ ਸ਼ੁਰੂ ਹੋਇਆ ਇਹ ਰੋਸ ਕਾਫਲਾ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ “ਪੇਪਰ ਲੀਕ ਬੰਦ ਕਰੋ” ਅਤੇ “ਧਰਮਿੰਦਰ ਪ੍ਰਧਾਨ ਅਸਤੀਫਾ ਦਿਓ” ਦੇ ਨਾਅਰਿਆਂ ਨਾਲ ਗੂੰਜਦਾ ਰਿਹਾ।

ਕਾਂਗਰਸ ਭਵਨ ਪਹੁੰਚ ਕੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਆਪਣਾ ਰੋਸ ਜਤਾਇਆ। ਵਰਕਰਾਂ ਦੇ ਹੱਥਾਂ ‘ਚ ਚੁੱਕੇ ਪਲੇਕਾਰਡਾਂ ‘ਤੇ ਲਿਖਿਆ ਸੀ: “ਮਿਹਨਤ ਵਾਲਿਆਂ ਦਾ ਹੱਕ, ਪੇਪਰ ਲੀਕ ਮਾਫੀਆ ਨਾਕ” ਅਤੇ “ਵਿਦਿਆਰਥੀ ਵਿਰੋਧੀ ਸਰਕਾਰ, ਸ਼ਰਮ ਕਰੋ ਸ਼ਰਮ ਕਰੋ”।
“ਇਹ ਘਪਲਾ ਨਹੀਂ, ਨੌਜਵਾਨਾਂ ਨਾਲ ਕਤਲ ਹੈ” – ਅਸ਼ਵਨੀ ਸ਼ਰਮਾ
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਅਸ਼ਵਨੀ ਸ਼ਰਮਾ ਨੇ ਭਾਵੁਕ ਹੁੰਦਿਆਂ ਕਿਹਾ, “ਨੀਟ ਵਰਗੀ ਸਭ ਤੋਂ ਵੱਡੀ ਮੈਡੀਕਲ ਪ੍ਰੀਖਿਆ ਦਾ ਪੇਪਰ ਲੀਕ ਹੋਣਾ ਸਿਰਫ਼ ਪ੍ਰਸ਼ਾਸਨਿਕ ਅਸਫਲਤਾ ਨਹੀਂ। ਇਹ ਦੇਸ਼ ਦੇ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਹੈ। ਜਿਹੜਾ ਮੁੰਡਾ-ਕੁੜੀ ਸਾਰਾ ਸਾਲ ਮਿਹਨਤ ਕਰਦਾ, ਉਹ ਪਿੱਛੇ ਰਹਿ ਜਾਂਦਾ, ਤੇ ਜਿਹੜਾ ਪੈਸੇ ਨਾਲ ਪੇਪਰ ਖਰੀਦਦਾ, ਉਹ ਡਾਕਟਰ ਬਣ ਜਾਂਦਾ। ਇਹ ਕਿਹੜਾ ਇਨਸਾਫ ਹੈ?”
ਸ੍ਰੀ ਸ਼ਰਮਾ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ, “ਨੈਤਿਕਤਾ ਅਜੇ ਜ਼ਿੰਦਾ ਹੈ ਤਾਂ ਇੰਨੇ ਵੱਡੇ ਘਪਲੇ ਤੋਂ ਬਾਅਦ ਕੁਰਸੀ ਛੱਡੋ। ਮੰਤਰੀ ਜੀ, ਤੁਹਾਡੇ ਰਾਜ ‘ਚ ਹਰ ਸਾਲ ਪੇਪਰ ਲੀਕ, ਹਰ ਸਾਲ ਵਾਅਦੇ। ਬਸ ਕਰੋ। ਤੁਰੰਤ ਅਸਤੀਫਾ ਦੇਵੋ ਅਤੇ CBI ਰਾਹੀਂ ਨਿਰਪੱਖ ਜਾਂਚ ਕਰਵਾ ਕੇ ਇਸ ਮਾਫੀਆ ਦੀਆਂ ਜੜ੍ਹਾਂ ਪੁੱਟੋ।”
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮਿਹਨਤੀ ਵਿਦਿਆਰਥੀਆਂ ਨੂੰ ਇਨਸਾਫ ਨਾ ਮਿਲਿਆ ਤਾਂ ਕਾਂਗਰਸ ਪਾਰਟੀ ਇਸ ਲੜਾਈ ਨੂੰ ਪਿੰਡ-ਪਿੰਡ ਤੱਕ ਲੈ ਕੇ ਜਾਊਗੀ। “ਅਸੀਂ ਪੇਪਰ ਲੀਕ ਮਾਫੀਆ ਅੱਗੇ ਝੁਕਾਂਗੇ ਨਹੀਂ। ਇਹ ਨੌਜਵਾਨਾਂ ਦੇ ਹੱਕ ਦੀ ਜੰਗ ਹੈ”।
ਇਸ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ, ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੀਟ ਤੋਂ ਪ੍ਰਭਾਵਿਤ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਸਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਪ੍ਰਦਰਸ਼ਨ ਸ਼ਾਂਤੀਪੂਰਵਕ ਸਮਾਪਤ ਹੋਇਆ ਇਸ ਮੌਕੇ ਰਾਣਾ ਵਿਸਵਪਾਲ ਸਿੰਘ ਜਰਨਲ ਸਕੱਤਰ,ਰਾਜੇਸ਼ਵਰ ਲਾਲੀ,ਰਾਜੇਸ਼ ਕੁਮਾਰ ਬਲਾਕ ਪ੍ਰਧਾਨ, ਭਰਤ ਵਾਲੀਆ, ਅਵਨੀਸ਼ ਮੋਦਗਿਲ,ਲਖਵੰਤ ਹਿਰਦਾਪੁਰ, ਰਾਣਾ ਰਵਨੀਤ ਕੰਗ, ਜਗਮੋਹਨ ਸਿੰਘ ਰੰਗੀਲਪੁਰ,ਗੁਰਜਿੰਦਰ ਸਿੰਘ ਜਰਨਲ ਸਕੱਤਰ,ਸੰਦੀਪ ਨੰਬਰਦਾਰ ਹਵੇਲੀ,ਹਰਪ੍ਰੀਤ ਸਿੰਘ ਪ੍ਰਧਾਨ ਕਿਸਾਨ ਸੈੱਲ, ਮਿੰਟੂ ਸਰਾਫ,ਆਸਿਫ਼ ਪ੍ਰਧਾਨ ਘੱਟ ਗਿਣਤੀ ਸੈੱਲ,ਰਾਣਾ ਸੁਰਿੰਦਰ ਮਕਾਰੀ, ਸੂਰਜ ਧੀਮਾਨ,ਨਿਰਮਲ ਸਰਪੰਚ ਪੁਰਖਾਲੀ, ਦੀਪਕ ਗੁਪਤਾ, ਕਾਲਾ ਪੁਰਖਾਲੀ, ਭੀਮ ਟਿੱਬਾ ਨੰਗਲ, ਪ੍ਰਿੰਸ ਰੋਪੜ, ਸਨੀ ਰੋਪੜ ਮਨਜੀਤ ਰੋਪੜ, ਦੀਪ ਰੋਪੜ,ਵਰਿੰਦਰ, ਇਸ਼ਪ੍ਰੀਤ ਘਨੌਲੀ,ਮਨਪ੍ਰੀਤ ਰਸੂਲਪੁਰ ,ਭੁਪਿੰਦਰ ਸਿੰਘ ਇੰਚਾਰਜ ਦਫ਼ਤਰ ਆਦਿ ਹਾਜਰ ਸਨ।




