ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ, 361 ਨੇ ਜੇਈਈ ਮੇਨ ਅਤੇ 64 ਨੇ ਜੇਈਈ ਐਡਵਾਂਸਡ ਪ੍ਰੀਖਿਆ ਕੀਤੀ ਪਾਸ

ਚੰਡੀਗੜ੍ਹ, 30 ਜੁਲਾਈ (ਪੋਰਟਲ ਨਿਊਜ਼): ਪੰਜਾਬ ਸਰਕਾਰ ਦੀ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਨੀਟ ਅਤੇ ਜੇਈਈ ਵਰਗੀਆਂ ਰਾਸ਼ਟਰੀ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਹਾਸਲ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇਨਜ਼ਰ ਵੀਰਵਾਰ ਨੂੰ ਐਸ.ਏ.ਐਸ. ਨਗਰ (ਮੋਹਾਲੀ) ਵਿਖੇ 300 ਤੋਂ ਵੱਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ‘ਆਪ’ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਸ਼ਿਰਕਤ ਕੀਤੀ।

ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 361 ਵਿਦਿਆਰਥੀਆਂ ਨੇ ਜੇਈਈ (ਮੇਨ)-2026, 64 ਨੇ ਜੇਈਈ (ਐਡਵਾਂਸਡ) ਅਤੇ 882 ਵਿਦਿਆਰਥੀਆਂ ਨੇ ਨੀਟ ਯੂਜੀ-2026 ਪ੍ਰੀਖਿਆ ਪਾਸ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਸਰਕਾਰੀ ਸਕੂਲ ਹੁਣ ਦੇਸ਼ ਦੀਆਂ ਪ੍ਰਮੁੱਖ ਤਕਨੀਕੀ ਅਤੇ ਮੈਡੀਕਲ ਸੰਸਥਾਵਾਂ ਤੱਕ ਵਿਦਿਆਰਥੀਆਂ ਦੀ ਪਹੁੰਚ ਦਾ ਮਜ਼ਬੂਤ ਆਧਾਰ ਬਣ ਰਹੇ ਹਨ।
ਬੈਂਸ ਨੇ ਦੱਸਿਆ ਕਿ 10 ਵਿਦਿਆਰਥੀਆਂ ਨੇ ਆਈਆਈਟੀ, 36 ਨੇ ਐਨਆਈਟੀ ਅਤੇ 90 ਤੋਂ ਵੱਧ ਵਿਦਿਆਰਥੀਆਂ ਨੇ ਦੇਸ਼ ਦੇ ਵੱਖ-ਵੱਖ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਸਰਕਾਰੀ ਸਕੂਲਾਂ ਦੇ 80 ਤੋਂ ਵੀ ਘੱਟ ਵਿਦਿਆਰਥੀ ਇਹ ਪ੍ਰੀਖਿਆਵਾਂ ਪਾਸ ਕਰਦੇ ਸਨ, ਜਦਕਿ ਅੱਜ ਇਹ ਗਿਣਤੀ ਕਈ ਗੁਣਾ ਵਧ ਚੁੱਕੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਦੀ ਸਫਲਤਾ ਦਾ ਸਭ ਤੋਂ ਵੱਡਾ ਆਧਾਰ ਉਸ ਦਾ ਪ੍ਰਿੰਸੀਪਲ ਹੁੰਦਾ ਹੈ। ਉਨ੍ਹਾਂ ਕਿਹਾ, “ਇੱਕ ਚੰਗਾ ਪ੍ਰਿੰਸੀਪਲ ਕਿਸੇ ਵੀ ਸਕੂਲ ਨੂੰ ਸਿੱਖਿਆ ਦੇ ਮੰਦਰ ਵਿੱਚ ਬਦਲ ਸਕਦਾ ਹੈ, ਜਦਕਿ ਸਿੱਖਿਆ ਪ੍ਰਤੀ ਸਮਰਪਣ ਤੋਂ ਬਿਨਾਂ ਵਧੀਆ ਨੀਤੀਆਂ ਵੀ ਅਸਰਦਾਰ ਨਹੀਂ ਹੋ ਸਕਦੀਆਂ।”
ਉਨ੍ਹਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਜੂਨ 2026 ਦੌਰਾਨ ਅੰਮ੍ਰਿਤਸਰ, ਬਠਿੰਡਾ, ਜਲੰਧਰ ਅਤੇ ਮੋਹਾਲੀ ਵਿੱਚ ਚਾਰ ਰਿਹਾਇਸ਼ੀ ਕੋਚਿੰਗ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ 3,000 ਤੋਂ ਵੱਧ ਵਿਦਿਆਰਥੀਆਂ ਨੂੰ ਜੇਈਈ ਅਤੇ ਨੀਟ ਦੀ ਵਿਸ਼ੇਸ਼ ਤਿਆਰੀ, ਮੌਕ ਟੈਸਟ, ਮੈਨਟੋਰਿੰਗ ਅਤੇ ਮਾਹਿਰਾਂ ਦੀ ਰਹਿਨੁਮਾਈ ਪ੍ਰਦਾਨ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਰਕਾਰੀ ਸਕੂਲ ਹੁਣ ਆਈਆਈਟੀ, ਐਨਆਈਟੀ ਅਤੇ ਮੈਡੀਕਲ ਕਾਲਜਾਂ ਤੱਕ ਪਹੁੰਚ ਦਾ ਮਜ਼ਬੂਤ ਰਾਹ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਇਮਾਰਤਾਂ ਬਣਾਉਣ ਨਾਲ ਸਕੂਲ ਨਹੀਂ ਬਣਦੇ, ਸਗੋਂ ਅਧਿਆਪਕ ਹੀ ਸਕੂਲਾਂ ਨੂੰ ਸਿੱਖਣ ਅਤੇ ਸੁਪਨੇ ਸਾਕਾਰ ਕਰਨ ਦਾ ਕੇਂਦਰ ਬਣਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਾਲ-ਨਾਲ ਮਾਹਰ ਕੋਚਿੰਗ, ਨਿਰੰਤਰ ਮੁਲਾਂਕਣ, ਮਾਰਗਦਰਸ਼ਨ ਅਤੇ ਰਿਹਾਇਸ਼ੀ ਪ੍ਰੋਗਰਾਮਾਂ ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਰਿਹਾ ਹੈ।
ਸਮਾਗਮ ਵਿੱਚ ਪੀਡੀਸੀ ਮੈਂਬਰ ਅਨੁਰਾਗ ਕੁੰਡੂ, ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਐਸ.ਐਸ. ਬੱਲ ਅਤੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।