
ਮੋਹਾਲੀ 29 ਜੁਲਾਈ 2026 () ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸੈਕਟਰ-66, ਮੋਹਾਲੀ ਦਾ ਦੌਰਾ ਕਰਕੇ ਇਲਾਕੇ ਵਿੱਚ ਲੱਗੇ ਗੰਦਗੀ ਦੇ ਢੇਰਾਂ, ਫੈਲੀ ਬਦਬੂ ਅਤੇ ਬਦਤਰ ਸਫ਼ਾਈ ਪ੍ਰਬੰਧ ‘ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਅੱਜ ਮੋਹਾਲੀ ਦੇ ਕਈ ਇਲਾਕਿਆਂ ਵਿੱਚ ਗੰਦਗੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਅਤੇ ਹਰ ਪਾਸੇ ਫੈਲੀ ਬਦਬੂ ਕਾਰਨ ਲੋਕ ਨਰਕ ਵਰਗੇ ਹਾਲਾਤਾਂ ਵਿੱਚ ਜਿਊਣ ਲਈ ਮਜਬੂਰ ਹਨ।
ਸਿੱਧੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਸਾਫ਼-ਸੁਥਰੇ ਅਤੇ ਵਿਕਸਤ ਮੋਹਾਲੀ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਪਰ ਅੱਜ ਉਹੀ ਮੋਹਾਲੀ ਗੰਦਗੀ ਦੇ ਢੇਰਾਂ ਅਤੇ ਬਦਬੂ ਦੀ ਪਹਿਚਾਣ ਬਣਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਮੋਹਾਲੀ ਦਾ ਵਿਧਾਇਕ ਵੀ ਆਮ ਆਦਮੀ ਪਾਰਟੀ ਦਾ ਹੈ, ਮੇਅਰ ਵੀ ਉਸੇ ਪਾਰਟੀ ਦਾ ਹੈ ਅਤੇ ਪੰਜਾਬ ਵਿੱਚ ਸਰਕਾਰ ਵੀ ਉਸੇ ਪਾਰਟੀ ਦੀ ਹੈ, ਤਾਂ ਫਿਰ ਇਸ ਸ਼ਰਮਨਾਕ ਹਾਲਤ ਦੀ ਜ਼ਿੰਮੇਵਾਰੀ ਕੌਣ ਲਵੇਗਾ? ਕੀ ਹੁਣ ਵੀ ਆਮ ਆਦਮੀ ਪਾਰਟੀ ਦੂਜਿਆਂ ‘ਤੇ ਦੋਸ਼ ਮੜ੍ਹੇਗੀ ਜਾਂ ਆਪਣੀ ਨਾਕਾਮੀ ਸਵੀਕਾਰੇਗੀ?
ਸਿੱਧੂ ਨੇ ਕਿਹਾ ਕਿ ਅੱਜ ਸੈਕਟਰ-66 ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਵਾਰਾ ਪਸ਼ੂ ਖੁੱਲ੍ਹੇਆਮ ਸੜਕਾਂ ‘ਤੇ ਘੁੰਮ ਰਹੇ ਹਨ, ਜਿਸ ਕਾਰਨ ਲੋਕਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪੈ ਗਈ ਹੈ ਅਤੇ ਟ੍ਰੈਫਿਕ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਗਊਸ਼ਾਲਾ ਬਣਾਈ ਗਈ ਸੀ ਤਾਂ ਜੋ ਆਵਾਰਾ ਪਸ਼ੂਆਂ ਨੂੰ ਸੁਰੱਖਿਅਤ ਥਾਂ ਮਿਲ ਸਕੇ ਅਤੇ ਸ਼ਹਿਰ ਦੀਆਂ ਸੜਕਾਂ ਨੂੰ ਪਸ਼ੂਆਂ ਤੋਂ ਮੁਕਤ ਕੀਤਾ ਜਾ ਸਕੇ। ਪਰ ਉਸ ਵੇਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਇਸ ਗਊਸ਼ਾਲਾ ‘ਤੇ ਹੀ ਸਵਾਲ ਖੜ੍ਹੇ ਕੀਤੇ ਸਨ। ਅੱਜ ਇਨ੍ਹਾਂ ਵੱਲੋਂ ਨਾ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਹੋਇਆ ਅਤੇ ਨਾ ਹੀ ਸ਼ਹਿਰ ਦੀ ਸਫ਼ਾਈ ਸੁਧਰੀ। ਇਹ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਦਾ ਮਕਸਦ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਨਹੀਂ, ਸਗੋਂ ਸਿਰਫ਼ ਸਿਆਸਤ ਕਰਨੀ ਸੀ। ਜੇਕਰ ਗਊਸ਼ਾਲਾ ਬਣਾਉਣ ‘ਤੇ ਇਤਰਾਜ਼ ਸੀ ਤਾਂ ਹੁਣ ਆਪਣੀ ਸਰਕਾਰ ਦੌਰਾਨ ਇਸ ਸਮੱਸਿਆ ਦਾ ਸਥਾਈ ਹੱਲ ਕਿਉਂ ਨਹੀਂ ਕੀਤਾ ਗਿਆ?
ਸਿੱਧੂ ਨੇ ਕਿਹਾ ਕਿ ਜੇਕਰ ਵਿਧਾਇਕ ਸ. ਕੁਲਵੰਤ ਸਿੰਘ ਆਪਣੀ ਹੀ ਸਰਕਾਰ ਤੋਂ ਲੋਕਾਂ ਨੂੰ ਸਫ਼ਾਈ ਵਰਗੀ ਬੁਨਿਆਦੀ ਸਹੂਲਤ ਵੀ ਨਹੀਂ ਦਿਵਾ ਸਕਦੇ, ਤਾਂ ਫਿਰ ਉਨ੍ਹਾਂ ਦੀ ਨੁਮਾਇੰਦਗੀ ਦਾ ਕੀ ਫ਼ਾਇਦਾ? ਜਨਤਾ ਨੂੰ ਭਾਸ਼ਣ ਨਹੀਂ, ਸਾਫ਼-ਸੁਥਰਾ ਸ਼ਹਿਰ ਅਤੇ ਜਵਾਬਦੇਹ ਪ੍ਰਸ਼ਾਸਨ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਗੰਦਗੀ ਦੇ ਢੇਰਾਂ ਕਾਰਨ ਇਲਾਕੇ ਵਿੱਚ ਬਦਬੂ ਫੈਲ ਰਹੀ ਹੈ, ਮੱਖੀਆਂ-ਮੱਛਰਾਂ ਦੀ ਭਰਮਾਰ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ, ਪਰ ਸਰਕਾਰ ਅਤੇ ਨਗਰ ਨਿਗਮ ਦੇ ਜ਼ਿੰਮੇਵਾਰ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਇਹ ਹਾਲਾਤ ਆਮ ਆਦਮੀ ਪਾਰਟੀ ਦੇ “ਬਦਲਾਅ” ਦੀ ਅਸਲੀ ਤਸਵੀਰ ਪੇਸ਼ ਕਰਦੇ ਹਨ।
ਸਿੱਧੂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾ ਕੇ ਗੰਦਗੀ ਦੇ ਢੇਰ ਨਾ ਚੁੱਕੇ ਗਏ ਅਤੇ ਸਫ਼ਾਈ ਪ੍ਰਬੰਧ ਵਿੱਚ ਸੁਧਾਰ ਨਾ ਕੀਤਾ ਗਿਆ, ਤਾਂ ਕਾਂਗਰਸ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਇਸ ਜਨਤਕ ਮੁੱਦੇ ਨੂੰ ਹੋਰ ਜ਼ੋਰਦਾਰ ਢੰਗ ਨਾਲ ਚੁੱਕੇਗੀ।